ਤਲਵਾੜਾ, 20 ਫਰਵਰੀ, ਦੀਪਕ ਠਾਕੁਰ :
ਸਥਾਨਕ ਨਗਰ ਕੌਸਲ ਦੀ 2 ਤਾਰੀਕ ਨੂੰ ਹੋਣ ਜਾ ਰਹੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅਖ਼ਿਰਲੇ ਦਿਨ ਆਪ, ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਨੇ ਆਪਣੇ ਦਾਖ਼ਲਾ ਪੱਤਰ ਭਰੇ। ਸਹਾਇਕ ਰਿਟਰਨਿੰਗ ਅਫ਼ਸਰ ਕਮ ਬੀਡੀਪੀਓ ਹਾਜੀਪੁਰ ਬਿਕਰਮ ਸਿੰਘ ਨੇ ਦਸਿਆ ਕਿ ਤਲਵਾੜਾ ਨਗਰ ਕੌਂਸਲ ਦੇ 13 ਵਾਰਡਾਂ ਲਈ ਅਖ਼ਿਰਲੇ ਦਿਨ ਤੱਕ ਕੁੱਲ 50 ਉੁਮੀਦਵਾਰਾਂ ਨੇ ਪੱਤਰ ਦਾਖ਼ਲ ਕੀਤੇ ਹਨ, ਇਨ੍ਹਾਂ ਵਿੱਚ ਦੋ ਉਮੀਦਵਾਰ ਆਜ਼ਾਦ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖਿਰੀ ਦਿਨ ਆਪ, ਕਾਂਗਰਸ ਅਤੇ ਭਾਜਪਾ ਦੇ ਕੱੁਲ 48 ਉਮੀਦਵਾਰਾਂ ਨੇ ਪੱਤਰ ਦਾਖ਼ਲ ਕੀਤੇ ਹਨ। 21 ਤਾਰੀਕ ਨੂੰ ਨਾਮਜ਼ਦਗੀ ਪੱਤਰਾਂ ਦੀ ਪਡ਼ਤਾਲ ਕੀਤੀ ਜਾਵੇਗੀ ਅਤੇ 22 ਤਾਰੀਕ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਏਆਰਓ ਸਿੰਘ ਨੇ ਦਸਿਆ ਕਿ ਸਾਰੇ ਉਮੀਦਵਾਰਾਂ ਨੂੰ ਪਡ਼ਤਾਲ ਵਾਲੇ ਦਿਨ ਸਵੇਰੇ 11 ਵਜੇ ਬੁਲਾਇਆ ਗਿਆ ਹੈ।
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਾਹੌਲ਼ ਭੱਖ਼ ਚੁੱਕਿਆ ਹੈ। ਆਮ ਆਦਮੀ ਪਾਰਟੀ ਨੇ ਜ਼ਿਆਦਾਤਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਛੱਡ ਕੇ ਆਏ ਪੁਰਾਣੇ ਕੌਂਸਲਰਾਂ ਨੂੰ ਟਿਕਟ ਦਿੱਤੀ ਹੈ। ਪਾਰਟੀ ਦੇ ਇਸ ਫੈਸਲੇ ਖ਼ਿਲਾਫ਼ ਸਥਾਨਕ ਇਕਾਈ ’ਚ ਬਗਾਵਤ ਦੇ ਸੁਰ ਵੀ ਉੱਠੇ ਹਨ, ਦੋ ਟਕਸਾਲੀ ਆਗੂਆਂ ਨੇ ਆਜ਼ਾਦ ਤੌਰਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉੱਥੇ ਹੀ ਕਾਂਗਰਸ ਪਾਰਟੀ ਨੇ 6 ਵਾਰਡਾਂ ’ਚ ਇੱਕੋ ਹੀ ਪਰਿਵਾਰ ਦੇ ਇੱਕ ਤੋਂ ਵਧ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਹਨ। ਭਾਜਪਾ ਨੇ ਇਸ ਵਾਰ ਨਵੇਂ ਚਿਹਰੇ ਮੈਦਾਨ ’ਚ ਉਤਾਰੇ ਹਨ। ਕਾਂਗਰਸ ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ, ਸ਼ਹਿਰੀ ਪ੍ਰਧਾਨ ਬੋਧਰਾਜ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ। ਭਾਜਪਾ ਉਮੀਦਵਾਰਾਂ ਦੀ ਹੌਂਸਲਾ ਅਫ਼ਜ਼ਾਈ ਲਈ ਹਲ਼ਕਾ ਇੰਚਾਰਜ ਰਘੂਨਾਥ ਰਾਣਾ, ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਜ਼ਿਲ੍ਹਾ ਪ੍ਰਧਾਨ ਭਾਜਪਾ ਅਜੇ ਕੌਸ਼ਲ ਸੇਠੂ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸੀਨੀਅਰ ਭਾਜਪਾ ਆਗੂ ਸੁਸ਼ੀਲ ਕੁਮਾਰ ਪਿੰਕੀ ਆਦਿ ਹਾਜ਼ਰ ਸਨ।
Published on: ਫਰਵਰੀ 20, 2025 7:51 ਬਾਃ ਦੁਃ