ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਛੇਵੀਂ ਮੀਟਿੰਗ ‘ਚ ਵੀ ਨਹੀਂ ਨਿਕਲਿਆ ਕੋਈ ਹੱਲ
ਚੰਡੀਗੜ੍ਹ, 23 ਫਰਵਰੀ, ਦੇਸ਼ ਕਲਿਕ ਬਿਊਰੋ :
ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਚੰਡੀਗੜ੍ਹ ਵਿੱਚ ਹੋਈ ਛੇਵੀਂ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ। ਢਾਈ ਘੰਟੇ ਚੱਲੀ ਮੀਟਿੰਗ ਵਿੱਚ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਗਾਰੰਟੀ ਦੀ ਮੰਗ ’ਤੇ ਅੜੇ ਰਹੇ। ਉਨ੍ਹਾਂ ਨੇ ਕੇਂਦਰ ਦੇ ਸਾਹਮਣੇ ਅੰਕੜੇ ਰੱਖੇ। ਹੁਣ ਅਗਲੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿੱਚ ਹੀ ਹੋਵੇਗੀ।
ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ- ‘ਬੈਠਕ ਚੰਗੇ ਮਾਹੌਲ ਵਿੱਚ ਹੋਈ। ਅਸੀਂ ਮੋਦੀ ਸਰਕਾਰ ਦੀਆਂ ਤਰਜੀਹਾਂ ਕਿਸਾਨਾਂ ਦੇ ਸਾਹਮਣੇ ਰੱਖੀਆਂ। ਕਿਸਾਨਾਂ ਦੀਆਂ ਗੱਲਾਂ ਵੀ ਸੁਣੀਆਂ। ਕਿਸਾਨਾਂ ਕੋਲ ਆਪਣੇ ਅੰਕੜੇ ਹਨ ਅਤੇ ਕੇਂਦਰ ਸਰਕਾਰ ਕੋਲ ਆਪਣਾ ਡੇਟਾ ਹੈ। ਦੋਵੇਂ ਅੰਕੜਿਆਂ ਨੂੰ ਮਿਲਾਇਆ ਜਾਵੇਗਾ।’
ਉੱਧਰ, ਕਿਸਾਨਾਂ ਦਾ 25 ਫਰਵਰੀ ਨੂੰ ਦਿੱਲੀ ਕੂਚ ਦਾ ਪਰੋਗ੍ਰਾਮ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਸੀ ਕਿ ਜੇਕਰ ਮੀਟਿੰਗ ਵਿੱਚ ਹੱਲ ਨਹੀਂ ਨਿਕਲਿਆ ਤਾਂ ਦਿੱਲੀ ਕੂਚ ਹੋਵੇਗਾ। ਕਿਸਾਨ ਇਸ ਬਾਰੇ ਅੱਜ ਫੈਸਲਾ ਲੈ ਸਕਦੇ ਹਨ।
Published on: ਫਰਵਰੀ 23, 2025 7:20 ਪੂਃ ਦੁਃ