ਤਰਨਤਾਰਨ, 25 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਤੇਲੰਗਾਨਾ ਦੀ ਸ੍ਰੀਸ਼ੈਲਮ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ 8 ਲੋਕ ਫਸ ਗਏ ਹਨ, ਜਿਨ੍ਹਾਂ ਵਿੱਚ ਪੰਜਾਬ ਦਾ ਇਕ ਨੌਜਵਾਨ ਵੀ ਸ਼ਾਮਲ ਹੈ। ਇਸ ਨੌਜਵਾਨ ਦੀ ਪਹਿਚਾਣ ਤਰਨਤਾਰਨ ਦੇ ਸਰਹੱਦੀ ਪਿੰਡ ਚੀਮਾ ਕਲਾਂ ਦੇ ਵਿਰਸਾ ਸਿੰਘ ਦੇ ਪੁੱਤ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਉਸ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਗੁਰਪ੍ਰੀਤ 20 ਦਿਨ ਪਹਿਲਾਂ ਹੀ ਰੋਜ਼ੀ-ਰੋਟੀ ਦੀ ਖਾਤਰ ਤੇਲੰਗਾਨਾ ਗਿਆ ਸੀ ਅਤੇ ਉੱਥੇ ਇੱਕ ਕੰਸਟਰਕਸ਼ਨ ਕੰਪਨੀ ’ਚ ਮਸ਼ੀਨ ਓਪਰੇਟਰ ਵਜੋਂ ਕੰਮ ਕਰ ਰਿਹਾ ਸੀ। ਸ਼ਨੀਵਾਰ ਸਵੇਰ ਉਸ ਨੇ ਕੰਮ ’ਤੇ ਜਾਣ ਤੋਂ ਪਹਿਲਾਂ ਆਪਣੇ ਘਰ ਫ਼ੋਨ ਕੀਤਾ ਸੀ, ਪਰ ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ।
ਗੁਰਪ੍ਰੀਤ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਘਰ ਵਿੱਚ ਮਾਤਾ ਦਰਸ਼ਨ ਕੌਰ, ਪਤਨੀ ਰਾਜਵਿੰਦਰ ਕੌਰ ਅਤੇ ਦੋ ਧੀਆਂ ਸੁਮਨਪ੍ਰੀਤ ਕੌਰ ਤੇ ਰਮਨਦੀਪ ਕੌਰ ਹਨ।
ਸ਼ਾਮ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਕਾਲ ਕਰ ਕੇ ਦੱਸਿਆ ਕਿ ਟਨਲ ’ਚ ਕੰਮ ਦੌਰਾਨ ਇੱਕ ਹਿੱਸਾ ਢਹਿ ਗਿਆ, ਜਿਸ ਕਾਰਨ 8 ਲੋਕ ਫਸ ਗਏ ਹਨ। ਸੁਰੰਗ ਮਾਹਿਰਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਜਾਰੀ ਹੈ।
Published on: ਫਰਵਰੀ 25, 2025 9:30 ਪੂਃ ਦੁਃ