ਸਰਪੰਚ ਨੂੰ ‘ਨਸ਼ਾ ਵੇਚਦੀ ਹਾਂ ਤੇ ਵੇਚਾਂਗੀ’ ਕਹਿਣ ਵਾਲੀ ਤਸਕਰ ‘ਤੇ ਕਾਰਵਾਈ, ਘਰ ‘ਤੇ ਬੁਲਡੋਜ਼ਰ ਫੇਰਿਆ
ਲੁਧਿਆਣਾ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚ ਦੇਰ ਰਾਤ ਜ਼ਿਲ੍ਹਾ ਪੁਲਿਸ ਨੇ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਫੇਰਿਆ। ਨਸ਼ਾ ਤਸਕਰ ਜੋੜੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ, ਜਿਸ ਵਿੱਚ ਉਹ ਪਿੰਡ ਦੇ ਸਰਪੰਚ ਨਾਲ ਨਸ਼ਾ ਵੇਚਣ ਦੀ ਗੱਲ ਕਬੂਲ ਕਰ ਰਹੇ ਸਨ ਅਤੇ ਸਰਪੰਚ ਨੂੰ ਧਮਕਾਅ ਰਹੇ ਸਨ।
ਵੀਡੀਓ ਦਾ ਨੋਟਿਸ ਲੈਂਦਿਆਂ CM ਭਗਵੰਤ ਸਿੰਘ ਮਾਨ ਨੇ ਜ਼ਿਲ੍ਹਾ ਪੁਲਿਸ ਨੂੰ ਇਸ ਕੇਸ ਵਿੱਚ ਸਖ਼ਤ ਕਾਰਵਾਈ ਕਰਨ ਲਈ ਕਿਹਾ। ਪਿੰਡ ਦੇ ਸਰਪੰਚ ਮਨਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਇਸ ਕਾਰਨ, ਪਿੰਡ ਦੇ ਲੋਕਾਂ ਨੇ ਖੁਦ ਹੀ ਟਰੈਪ ਲਗਾ ਕੇ ਨਸ਼ਾ ਖਰੀਦਣ ਆਏ ਨੌਜਵਾਨਾਂ ਨੂੰ ਫੜ੍ਹ ਲਿਆ।
ਉਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਜੋੜੇ ਤੋਂ ਨਸ਼ਾ ਖਰੀਦਦੇ ਹਨ। ਜਦੋਂ ਉਕਤ ਜੋੜੇ ਨੂੰ ਨਸ਼ਾ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਝਗੜਾ ਕਰਨ ਲੱਗੇ। ਖੁੱਲ੍ਹੇਆਮ ਵਾਇਰਲ ਵੀਡੀਓ ਵਿੱਚ ਉਨ੍ਹਾਂ ਨੇ ਕਬੂਲ ਕੀਤਾ ਕਿ ਉਹ ਨਸ਼ਾ ਵੇਚਦੀ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵੇਚੇਗੀ।
ਨਸ਼ਾ ਤਸਕਰਾਂ ਤੋਂ ਤੰਗ ਆ ਕੇ ਹੀ ਲੋਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਸਰਪੰਚ ਮਨਿੰਦਰ ਨੇ ਦੱਸਿਆ ਕਿ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਬਾਰੇ ਜਾਣਕਾਰੀ ਲੈ ਕੇ ਤੁਰੰਤ ਸਖ਼ਤ ਕਾਰਵਾਈ ਕੀਤੀ। ਮੁੱਖ ਮੰਤਰੀ ਦੇ ਹੁਕਮ ‘ਤੇ ਨਸ਼ਾ ਤਸਕਰ ਦੇ ਘਰ ਦੀ ਕੰਧ JCB ਦੀ ਮਦਦ ਨਾਲ ਢਾਹ ਦਿੱਤੀ ਗਈ।
Published on: ਫਰਵਰੀ 28, 2025 7:48 ਪੂਃ ਦੁਃ