ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਜ਼ਖ਼ਮੀ ਨੌਜਵਾਨ ਸਮੇਤ ਚਾਰ ਕਾਬੂ
ਮਾਹਿਲਪੁਰ, 28 ਫਰਵਰੀ, ਦੇਸ਼ ਕਲਿਕ ਬਿਊਰੋ :
ਮਾਹਿਲਪੁਰ-ਚੰਡੀਗੜ੍ਹ ਮਾਰਗ ‘ਤੇ ਪਿੰਡ ਟੂਟੋਮਜਾਰਾ ਦੇ ਨੇੜੇ ਬੀਤੀ ਸ਼ਾਮ XUV ਗੱਡੀ ‘ਚ ਸਵਾਰ ਬਦਮਾਸ਼ਾਂ ਅਤੇ ਖੁਫੀਆ ਟੀਮ ਵਿਚਾਲੇ ਮੁੱਠਭੇੜ ਹੋਇਆ। ਗੋਲੀਬਾਰੀ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਮਾਹਿਲਪੁਰ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ XUV ‘ਚ ਸਵਾਰ ਇਕ ਜ਼ਖ਼ਮੀ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਘਟਨਾ ਹੋਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਖੁਫੀਆ ਵਿਭਾਗ ਦੀ ਟੀਮ ਨੇ ਹੁਸ਼ਿਆਰਪੁਰ ਵਲੋਂ ਆ ਰਹੀ ਗੱਡੀ ਦਾ ਪਿੱਛਾ ਕੀਤਾ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ‘ਚ ਮੌਜੂਦ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਅਤੇ ਫ਼ਰਾਰ ਹੋਣ ਲੱਗੇ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਗੱਡੀ ਦੇ ਟਾਇਰ ਪੰਕਚਰ ਹੋ ਗਏ। ਨੌਜਵਾਨ ਟੂਟੋਮਜਾਰਾ ਅੱਡੇ ‘ਤੇ ਗੱਡੀ ਛੱਡ ਕੇ ਪਿੰਡ ‘ਚ ਭੱਜ ਗਏ, ਪਰ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ।
ਘਟਨਾ ਦੀ ਜਾਣਕਾਰੀ ਮਿਲਣ ‘ਤੇ SP (D) ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਗੱਡੀ ‘ਚ ਸਵਾਰ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ‘ਚੋਂ ਇੱਕ ਨੌਜਵਾਨ ਦੇ ਕੰਨ ਤੋਂ ਖੂਨ ਵਗ ਰਿਹਾ ਸੀ, ਜਿਸਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
Published on: ਫਰਵਰੀ 28, 2025 11:17 ਪੂਃ ਦੁਃ