ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਫਰੀਦਕੋਟ: 28 ਫਰਵਰੀ, ਦੇਸ਼ ਕਲਿੱਕ ਬਿਓਰੋ
ਫਰੀਦਕੋਟ ਵਿਚ ਡਿਊਟੀ ਉਤੇ ਤਾਇਨਾਤ ਹੌਲਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਤੋਂ ਪੀਸੀਆਰ ਡਿਊਟੀ ਉਤੇ ਤਾਇਨਾਤ ਹੌਲਦਾਰ ਬਲਤੇਜ ਸਿੰਘ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ।ਜੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਿਟੀ ਫਰੀਦਕੋਟ ਵਿਚ ਪੀਸੀਆਰ ਪਾਰਟੀ ਵਿਚ ਹੌਲਦਾਰ ਵਜੋਂ ਤਾਇਨਾਤ ਸੀ।
ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਬਲਤੇਜ ਸਿੰਘ ਦੀ ਰਾਤ ਤੋਂ ਹੀ ਉਸ ਦੇ ਨਾਲ ਰਾਤ ਦੀ ਡਿਊਟੀ ‘ਤੇ ਸੀ। ਜਦੋਂ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤਲਵੰਡੀ ਪੁਲ ਉਤੇ ਕੋਈ ਕੈਂਟਰ ਨਹਿਰ ਵਿਚ ਡਿੱਗਿਆ ਹੈ ਤਾਂ ਉਹ ਦੋਵੇਂ ਜਣੇ ਘਟਨਾ ਸਥਾਨ ’ਤੇ ਜਾ ਰਹੇ ਸਨ ਤਾਂ ਰਸਤੇ ਵਿਚ ਬਲਤੇਜ ਸਿੰਘ ਨੇ ਕਿਹਾ ਕਿ ਮੋਟਰਸਾਇਕਲ ਨੂੰ ਰੋਕ ਮੈਨੂੰ ਕੁਝ ਹੋ ਰਿਹਾ ਹੈ। ਜਦੋਂ ਹੀ ਉਸ ਨੇ ਮੋਟਰਸਾਈਕਲ ਰੋਕਿਆ ਅਤੇ ਵੇਖਿਆ ਤਾਂ ਹੌਲਦਾਰ ਬਲਤੇਜ ਸਿੰਘ ਇਕਦਮ ਡਿੱਗ ਪਿਆ। ਉਸ ਨੇ ਸਾਥੀ ਕਰਮਚਾਰੀਆਂ ਨੂੰ ਬੁਲਾ ਕੇ ਤੇ ਕਿਸੇ ਪ੍ਰਾਈਵੇਟ ਰਾਹਗੀਰ ਦੀ ਗੱਡੀ ਰੋਕ ਕੇ ਹੌਲਦਾਰ ਬਲਤੇਜ ਸਿੰਘ ਨੂੰ ਮੈਡੀਕਲ ਹਸਪਤਾਲ ਲਿਆਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Published on: ਫਰਵਰੀ 28, 2025 1:36 ਬਾਃ ਦੁਃ