ਦੇਹਰਾਦੂਨ, 2 ਮਾਰਚ, ਦੇਸ਼ ਕਲਿਕ ਬਿਊਰੋ :
ਉੱਤਰਾਖੰਡ ਦੇ ਚਮੋਲੀ ਐਵਲਾਂਚ ’ਚ ਹੁਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਹਾਦਸੇ ਦੇ ਤੀਜੇ ਦਿਨ ਮਾੜੇ ਮੌਸਮ ਵਿਚ ਵੀ 4 ਲੋਕਾਂ ਦੀ ਖੋਜ ਜਾਰੀ ਹੈ। ਦੂਜੇ ਦਿਨ ਸ਼ਨੀਵਾਰ ਨੂੰ 17 ਮਜ਼ਦੂਰਾਂ ਨੂੰ ਰੈਸਕਿਊ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 33 ਲੋਕਾਂ ਨੂੰ ਬਚਾਇਆ ਗਿਆ ਸੀ। ਇਨ੍ਹਾਂ ਵਿਚੋਂ 4 ਗੰਭੀਰ ਰੂਪ ‘ਚ ਜ਼ਖਮੀ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਸ਼ਨੀਵਾਰ ਤੱਕ 5 ਮਜ਼ਦੂਰ ਲਾਪਤਾ ਸਨ, ਪਰ ਇਨ੍ਹਾਂ ਵਿਚੋਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਰਹਿਣ ਵਾਲਾ ਸੁਨੀਲ ਕੁਮਾਰ ਆਪਣੇ ਘਰ ਪਹੁੰਚ ਗਿਆ ਹੈ। ਅਸਲ ਵਿਚ, ਹਾਦਸੇ ਤੋਂ ਪਹਿਲਾਂ ਹੀ ਸੁਨੀਲ ਬਿਨਾਂ ਦੱਸੇ ਕੈਂਪ ਤੋਂ ਨਿਕਲ ਗਿਆ ਸੀ। ਹੁਣ ਪਰਿਵਾਰ ਨੇ ਦੱਸਿਆ ਕਿ ਸੁਨੀਲ ਸੁਰੱਖਿਅਤ ਘਰ ਪਹੁੰਚ ਗਿਆ ਹੈ।
ਹਾਦਸਾ ਚਮੋਲੀ ਦੇ ਮਾਣਾ ਪਿੰਡ ਦੇ ਨੇੜੇ 28 ਫ਼ਰਵਰੀ ਦੀ ਸਵੇਰ 7:15 ਵਜੇ ਹੋਇਆ। ਮੋਲੀ-ਬਦਰੀਨਾਥ ਹਾਈਵੇ ’ਤੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ (BRO) ਦੇ 55 ਮਜ਼ਦੂਰ ਕੰਟੇਨਰ ਹਾਊਸ ਵਿੱਚ ਰਹਿ ਰਹੇ ਸਨ, ਉਦੋਂ ਹੀ ਬਰਫ਼ ਦਾ ਪਹਾੜ ਖਿਸਕ ਗਿਆ। ਸਾਰੇ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ।
ਰੇਸਕਿਊ ਕਾਰਜ ’ਚ ਫੌਜ ਦੇ 4 ਹੈਲੀਕਾਪਟਰਾਂ ਦੇ ਨਾਲ ITBP, BRO, SDRF ਅਤੇ NDRF ਦੇ 200 ਤੋਂ ਵੱਧ ਜਵਾਨ ਜੁਟੇ ਹੋਏ ਹਨ।
Published on: ਮਾਰਚ 2, 2025 8:06 ਪੂਃ ਦੁਃ