ਦਲਜੀਤ ਕੌਰ
ਸੰਗਰੂਰ, 2 ਮਾਰਚ, 2025: ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰਾਂ ਉੱਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਮੁੜ ਜ਼ਬਰ ਹੋਇਆ। ਬੇਰੁਜ਼ਗਾਰ ਸਾਂਝੇ ਮੋਰਚੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ ਅਤੇ ਹਰਜਿੰਦਰ ਸਿੰਘ ਝੁਨੀਰ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਨੇ ਸਥਾਨਕ ਵੇਰਕਾ ਮਿਲਕ ਪਲਾਂਟ ਤੋ ਮਾਰਚ ਕਰਕੇ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਵੱਲ ਵਧਣਾ ਸ਼ੁਰੂ ਕੀਤਾ ਤਾਂ ਸਥਾਨਕ ਮੁੱਖ ਮੰਤਰੀ ਦੀ ਆਰਜ਼ੀ ਰਿਹਾਇਸ਼ ਦੇ ਸਾਹਮਣੇ ਲਗਾਈਆਂ ਪੁਲਿਸ ਰੋਕਾਂ ਕੋਲ ਰੋਕ ਲਿਆ ਗਿਆ। ਇਸ ਦੌਰਾਨ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਜ਼ਬਰਦਸਤ ਖਿੱਚ ਧੂਹ ਹੋਈ।
ਬੇਰੁਜ਼ਗਾਰ ਲਗਾਤਾਰ ਪੁਲਿਸ ਰੋਕ ਟੱਪ ਕੇ ਅੱਗੇ ਲੰਘਣਾ ਚਾਹੁੰਦੇ ਸਨ, ਪ੍ਰੰਤੂ ਇਸ ਮੌਕੇ ਕਰੀਬ ਦੋ-ਤਿੰਨ ਵਾਰ ਆਪਸੀ ਖਿੱਚੋ ਤਾਣ ਹੁੰਦੀ ਰਹੀ ਬੇਰੁਜ਼ਗਾਰ ਲਗਾਤਾਰ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨਾਲ ਮੀਟਿੰਗ ਲਈ ਬਜ਼ਿਦ ਸਨ। ਉੱਧਰ ਪੁਲਿਸ ਪ੍ਰਸਾਸਨ ਅਤੇ ਸਿਵਲ ਪ੍ਰਸਾਸ਼ਨ ਬੇਰੁਜ਼ਗਾਰਾਂ ਨੂੰ ਪੁਚਕਾਰਨ ਲਈ ਯਤਨਸ਼ੀਲ ਸੀ। ਬੇਰੁਜ਼ਗਾਰਾਂ ਦੀ 5 ਮਾਰਚ ਨੂੰ ਕੈਬਨਿਟ ਸਬ ਕਮੇਟੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਜਾਰੀ ਕੀਤਾ ਗਿਆ।
ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:-
1 -ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
2 -ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਲਾਜ਼ਮੀ ਅੰਕਾ ਦੀ ਸ਼ਰਤ ਰੱਦ ਕੀਤੀ ਜਾਵੇ।
3 – ਲੈਕਚਰਾਰ ਦੀਆਂ ਰੱਦ ਕੀਤੀਆਂ 343 ਪੋਸਟਾਂ ਵਿੱਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ , ਸਬਜੈਕਟ ਕੰਬੀਨੇਸ਼ਨ ਦਰੁਸਤ ਕਰਕੇ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕੀਤਾ ਜਾਵੇ।
4 – ਮਲਟੀ ਪਰਪਜ਼ ਹੈਲਥ ਵਰਕਰਾਂ ਦੀਆਂ ਪ੍ਰਵਾਨ ਕੀਤੀਆਂ 270 ਪੋਸਟਾਂ ਵਿੱਚ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ।
5 – ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
6 – ਕਾਂਗਰਸ ਸਰਕਾਰ ਸਮੇ ਬੇਰੁਜ਼ਗਾਰਾਂ ਉੱਤੇ ਦਰਜ ਕੀਤੇ ਝੂਠੇ ਪਰਚਿਆਂ ਨੂੰ ਰੱਦ ਕੀਤਾ ਜਾਵੇ।
ਇਸ ਮੌਕੇ ਅਮਨ ਸੇਖਾ, ਸੁਖਪਾਲ ਖ਼ਾਨ, ਸੰਦੀਪ ਸਿੰਘ, ਰਿੰਕੂ ਸਿੰਘ, ਗੁਰਪ੍ਰੀਤ ਸਿੰਘ ਪੱਕਾ, ਜਲੰਧਰ ਸਿੰਘ, ਅਵਤਾਰ ਸਿੰਘ ਭੁੱਲਰ ਹੇੜੀ, ਜਗਸੀਰ ਸਿੰਘ ਬਰਨਾਲਾ, ਹਰਵਿੰਦਰ ਸਿੰਘ ਬਠਿੰਡਾ, ਸੁਖਦੇਵ ਸਿੰਘ ਨੰਗਲ, ਹਰਪ੍ਰੀਤ ਸਿੰਘ, ਮੁਨੀਸ਼ ਕੁਮਾਰ, ਹਰਨੰਦ ਸਿੰਘ ਤਰਨਤਾਰਨ ਸਮੇਤ ਹਾਜ਼ਰ ਸਨ। ਇਸ ਮੌਕੇ ਹਰਜਿੰਦਰ ਝੁਨੀਰ ਦੀ ਪੱਗ ਲੱਥ ਗਈ।
Published on: ਮਾਰਚ 2, 2025 7:32 ਬਾਃ ਦੁਃ