ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਵਿਸ਼ਵ ਸੁਣਨ ਸ਼ਕਤੀ ਦਿਵਸ
ਮੋਹਾਲੀ, 3 ਮਾਰਚ : ਦੇਸ਼ ਕਲਿੱਕ ਬਿਓਰੋ
ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਮਾਗਮ ਕੀਤੇ ਗਏ, ਜਿਸ ਦੌਰਾਨ ਲੋਕਾਂ ਨੂੰ ਕੰਨਾਂ ਦੀ ਸਾਂਭ-ਸੰਭਾਲ ਲਈ ਮਾਹਰ ਡਾਕਟਰਾਂ ਵਲੋਂ ਜਾਣਕਾਰੀ ਦਿਤੀ ਗਈ। ਸਥਾਨਕ ਸਿਵਲ ਹਸਪਤਾਲ ਵਿਚ ਹੋਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਕੰਨ ਸਾਡੇ ਸਰੀਰ ਦਾ ਬਹੁਤ ਅਹਿਮ ਅੰਗ ਹਨ, ਜਿਨ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੰਗੀ ਸੁਣਨ ਸ਼ਕਤੀ ਆਪਣੇ ਆਪ ਵਿਚ ਤਾਕਤ ਹੈ, ਜੋ ਵਿਅਕਤੀ ਦੀ ਤੰਦਰੁਸਤੀ ਵਾਸਤੇ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਵਿਸ਼ਾ ਹੈ ‘ਕੰਨਾਂ ਦੀ ਦੇਖਭਾਲ ਸਭਨਾਂ ਲਈ ਹਕੀਕਤ ਬਣਾਉਣ ਵਾਸਤੇ ਖ਼ੁਦ ਨੂੰ ਮਜ਼ਬੂਤ ਕਰੋ’। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਖ਼ੁਦ ਜਾਗਰੂਕ ਹੋਵਾਂਗੇ ਤਾਂ ਅਸੀਂ ਸਿਹਤਮੰਦ ਕੰਨ ਅਤੇ ਸੁਣਨ ਸ਼ਕਤੀ ਯਕੀਨੀ ਬਣਾ ਸਕਾਂਗੇ। ਡਾ. ਜੈਨ ਨੇ ਕਿਹਾ ਕਿ ਬੋਲੇਪਣ ਦੀ ਸਮੱਸਿਆ ਦੇ ਜ਼ਿਆਦਾਤਰ ਕਾਰਨ ਇਲਾਜਯੋਗ ਹਨ, ਇਸ ਲਈ ਹਰ ਕਿਸੇ ਨੂੰ ਸਮੇਂ ਸਿਰ ਕੰਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਵਧਾਨੀ ਨਾ ਵਰਤਣ ਕਾਰਨ ਬਹੁਤ ਸਾਰੇ ਲੋਕ ਬੋਲੇਪਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੋਰਨਾਂ ਬੀਮਾਰੀਆਂ ਦੇ ਨਾਲ-ਨਾਲ ਕੰਨਾਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਹੋਏ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕੰਨਾਂ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਹੋ ਜਾਵੇ ਤਾਂ ਕੰਨਾਂ ਦੀਆਂ ਬੀਮਾਰੀਆਂ ਨੂੰ 50 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਘੱਟ ਸੁਣਨ ਦੇ 50 ਫੀਸਦੀ ਕਾਰਨਾਂ ਨੂੰ ਰੋਕਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਸਿਹਤ ਜਾਗਰੂਕਤਾ ਪੈਦਾ ਕਰ ਕੇ ਬੋਲੇਪਣ ਦੀ ਸਮੱਸਿਆ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਬੋਲੇਪਣ ਤੋਂ ਬਚਾਅ ਲਈ ਕੰਨਾਂ ਵਿਚ ਕਦੇ ਵੀ ਨੁਕੀਲੀਆਂ ਚੀਜ਼ਾਂ ਨਹੀਂ ਮਾਰਨੀਆਂ ਚਾਹੀਦੀਆਂ। ਕੰਨਾਂ ਨੂੰ ਹਮੇਸ਼ਾਂ ਤੇਜ਼ ਆਵਾਜ਼ ਤੋਂ ਬਚਾਉਣਾ ਚਾਹੀਦਾ ਹੈ ਅਤੇ ਕੰਨਾਂ ਵਿਚ ਗੰਦਾ ਪਾਣੀ ਨਹੀਂ ਪੈਣ ਦੇਣਾ ਚਾਹੀਦਾ ਹੈ। ਇਸ ਮੌਕੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਜਾਗੂਕਤਾ ਰੈਲੀ ਵੀ ਕੱਢੀ। ਸਮਾਗਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ, ਡਾ. ਵਿਜੇ ਭਗਤ, ਈਐਨਟੀ ਵਿਭਾਗ ਦੇ ਮੁਖੀ ਡਾ. ਮਨੀਸ਼ ਗੁਪਤਾ, ਡਾ. ਆਸ਼ੀਸ਼ ਗੋਇਲ, ਡਾ. ਹਿਮਾਂਸ਼ੂ ਮਿੱਤਲ, ਡਾ. ਨਵਜੋਤ ਕੌਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
Published on: ਮਾਰਚ 3, 2025 2:37 ਬਾਃ ਦੁਃ