ਮੋਹਾਲੀ, 4 ਮਾਰਚ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ 12 ਲੱਖ 27 ਹਜ਼ਾਰ 603 ਮਨਰੇਗਾ ਮਜ਼ਦੂਰਾਂ ਅਤੇ 1200 ਦੇ ਲਗਭੱਗ ਮਨਰੇਗਾ ਮੁਲਾਜ਼ਮਾਂ ਨੂੰ ਦਸੰਬਰ 2024 ਤੋਂ ਬਾਅਦ ਕੀਤੇ ਗਏ ਕੰਮਾਂ ਦਾ ਮੇਹਨਤਾਨਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਨਹੀਂ ਦਿੱਤਾ ਗਿਆ। ਜੋ ਕਿ ਪੰਜਾਬ ਦੇ ਮਜ਼ਦੂਰਾਂ ਮੁਲਾਜ਼ਮਾਂ ਦਾ ਇਹ ਬਕਾਇਆ ਮੇਹਨਤਾਨਾ 300 ਕਰੋੜ ਰੁਪਏ ਬਣਦਾ ਹੈ ਅਤੇ ਪੂਰੇ ਭਾਰਤ ਵਿੱਚ ਇਹ ਬਕਾਇਆ ਰਾਸ਼ੀ 20 ਹਜ਼ਾਰ ਕਰੋੜ ਰੁਪਏ ਦੇ ਲੱਗਭਗ ਹੈ।ਜਿਸ ਕਾਰਨ ਮਜ਼ਦੂਰਾਂ ਮੁਲਾਜ਼ਮਾਂ ਦੇ ਚੁੱਲਿਆਂ ਦੀ ਅੱਗ ਠੰਡੀ ਹੋ ਚੁੱਕੀ ਹੈ।
ਅੱਜ ਇੱਥੇ ਸੈੱਟਰ ਆਫ਼ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ , ਜਨਰਲ ਸਕੱਤਰ ਅਮਰਨਾਥ ਕੂੰਮਕਲਾਂ ਵਿੱਤ ਸਕੱਤਰ ਗੁਰਨਾਮ ਸਿੰਘ ਘਨੌਰ ਦੇ ਅਧਾਰਤ ਸਮੂਹ ਮਨਰੇਗਾ ਅਧਾਰਿਤ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਐਸ.ਪੀ.ਐਮ ਮੈਡਮ ਰਜਨੀ ਮਾਰੀਆ ਨੂੰ ਮੰਗ ਪੱਤਰ ਸੌਂਪਿਆ ਗਿਆ।ਜਿਸ ਵਿੱਚ ਮੰਗ ਕੀਤੀ ਗਈ ਹੈ । ਕਿ ਦਸੰਬਰ 2024 ਤੋਂ ਬਾਅਦ ਮਨਰੇਗਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਦੀ ਮਜ਼ਦੂਰ ਨਹੀਂ ਦਿੱਤੀ ਗਈ । ਕੇਂਦਰ ਸਰਕਾਰ ਵੱਲੋਂ ਮਨਰੇਗਾ ਮੁਲਾਜ਼ਮਾਂ ਪੱਕਿਆਂ ਨਹੀਂ ਕੀਤਾ ਜਾ ਰਿਹਾ ਨਾਂ ਹੀ ਕੇਂਦਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਅਤੇ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ।ਇਸ ਲਈ ਮੰਗ ਕੀਤੀ ਗਈ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰੇ ਅਤੇ ਮਜ਼ਦੂਰਾਂ – ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦਾ ਫੌਰੀ ਪ੍ਰਬੰਧ ਕਰੇ। ਵਫ਼ਦ ਨੇ ਹੋਰਨਾਂ ਮੰਗਾਂ ਤੋਂ ਇਲਾਵਾ ਮਜ਼ਦੂਰਾਂ ਨੂੰ ਕੰਮ ਕਰਨ ਵਾਲੇ ਔਜ਼ਾਰ,ਪੀਣ ਵਾਲਾ ਪਾਣੀ, ਛਾਂ,ਫਸਟਏਡ ਬਾਕਸ ਆਦਿ ਦਾ ਕੰਮ ਕਰਨ ਵਾਲੀ ਥਾਂ ਤੇ ਪ੍ਰਬੰਧ ਕੀਤਾ ਜਾਵੇ, ਹਾਜ਼ਰੀ ਕੰਮ ਵਾਲੀ ਥਾਂ ਤੇ ਹੀ ਲਗਾਈ ਜਾਵੇ ਅਤੇ ਜਿਸ ਦਿਨ ਐਪ ਨਹੀਂ ਚੱਲਦੀ ਉਸ ਦਿਨ ਆਫ਼ ਲਾਈਨ ਹਾਜ਼ਰੀ ਲਗਾਈ ਜਾਵੇ, ਮਨਰੇਗਾ ਕੰਮਾਂ ਵਿੱਚ ਰਾਜਨੀਤਕ ਦਖ਼ਲ ਬੰਦ ਕੀਤਾ ਜਾਵੇ ਅਤੇ ਮੇਟ ਮਜ਼ਦੂਰਾਂ ਦੀ ਸਹਿਮਤੀ ਨਾਲ ਲਗਾਇਆ ਜਾਂ ਹਟਾਇਆ ਜਾਵੇ, ਮਨਰੇਗਾ ਮਜ਼ਦੂਰਾਂ ਵੱਲੋਂ ਡੀਮਾਂਡ ਦੇਣ ਤੋਂ 15 ਦਿਨਾਂ ਦੇ ਅੰਦਰ ਅੰਦਰ ਮਸਟਰੋਲ ਕੱਢਿਆ ਜਾਵੇ ਕੰਮ ਨਾਂ ਦੇਣ ਦੀ ਸੂਰਤ ਵਿੱਚ ਬੇ- ਰੁਜਗਾਰੀ ਭੱਤਾ ਦਿੱਤਾ ਜਾਵੇ, ਪਿੰਡਾਂ ਵਿੱਚ ਕੰਮ ਦੀ ਡੀਮਾਂਡ ਦੇਣ ਵਾਲੇ ਸਾਰੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਪਿਕ ਐਂਡ ਚੂਜ਼ ਦੀ ਪਾਲਸੀ ਰੱਦ ਕੀਤੀ ਜਾਵੇ, ਮਨਰੇਗਾ ਕਿਰਤੀਆਂ ਦਾ 50-50 ਲੱਖ ਦਾ ਬੀਮਾਂ ਕੀਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ 44ਵੀਂ, 45ਵੀਂ, 46ਵੀਂ ਕਾਨਫਰੰਸ ਦੀਆਂ ਸਿਫਾਰਸ਼ਾਂ ਅਨੁਸਾਰ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700/- ਰੁਪਏ ਕੀਤੀ ਜਾਵੇ ਜਿੰਨੀ ਦੇਰ ਇਹ ਸਿਫਾਰਸ਼ਾਂ ਲਾਗੂ ਨਹੀਂ ਕੀਤੀ ਜਾਂਦੀਆਂ ਉਨੀਂ ਦੇਰ ਖੇਤ ਮਜ਼ਦੂਰਾਂ ਦੇ ਬਰਾਬਰ ਦਿਹਾੜੀ ਦਿੱਤੀ ਜਾਵੇ। ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾਈ ਆਗੂਆਂ ਨੇ ਮਨਰੇਗਾ ਮਜ਼ਦੂਰਾਂ – ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜੁੱਟ ਇੱਕ ਮੁੱਠ ਹੋ ਕੇ ਸਾਂਝੇ ਸੰਘਰਸ਼ ਲਈ ਕਮਰਕਸੇ ਕਰ ਲੈਣ।
Published on: ਮਾਰਚ 4, 2025 8:03 ਬਾਃ ਦੁਃ