ਮੋਹਾਲੀ, 6 ਮਾਰਚ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ‘ਚ ਵੀ ਲੋਕਾਂ ਦਾ ਈ-ਚਲਾਨ ਹੋਵੇਗਾ। ਜੇਕਰ ਤੁਸੀਂ ਟ੍ਰੈਫਿਕ ਨਿਯਮ ਤੋੜਦੇ ਹੋ ਤਾਂ ਚਲਾਨ ਤੁਹਾਡੇ ਘਰ ਭੇਜਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸਰਵੀਲੈਂਸ ਸਿਸਟਮ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦਾ ਉਦਘਾਟਨ ਕੀਤਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਵਿੱਚ ਚੰਡੀਗੜ੍ਹ ਪੁਲਿਸ ਦਾ ਐਨਾ ਡਰ ਬਣਿਆ ਹੋਇਆ ਸੀ ਕਿ ਚਲਾਨ ਨਾ ਕੱਟਿਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਲੋਕ ਚੰਡੀਗੜ੍ਹ ਤੋਂ ਬਾਹਰ ਨਿਕਲਦਿਆਂ ਹੀ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਕਰਦੇ ਸਨ। ਜਿਸ ਕਾਰਨ ਅਸੀਂ ਸੋਚਿਆ ਕਿ ਆਪਾਂ ਵੀ ਕੈਮਰੇ ਲਗਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ 17 ਥਾਵਾਂ 351 ਕੈਮਰੇ ਲਗਾਏ ਗਏ ਹਨ। ਹੁਣ ਕੈਮਰੇ ਚਲਾਨ ਕੱਟਣਗੇ, ਚਲਾਨ ਘਰ ਹੀ ਆਵੇਗਾ। ਉਨ੍ਹਾਂ ਕਿਹਾ ਕਿ ਚਲਾਨ ਨਾਲ ਫੋਟੋ ਵੀ ਆਵੇਗੀ। ਉਨ੍ਹਾਂ ਵਿਅੰਗ ਕਰਦੇ ਹੋਏ ਕਿਹਾ ਕਿ ਫੋਟੋ ਨਾਲ ਕਈ ਵਾਰ ਘਰ ਛਿਆਪੇ ਵੀ ਪੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਸਾਰੇ ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਲੈਸ ਹਨ।ਇਸੇ ਤਰਜ਼ ‘ਤੇ ਹੁਣ ਪਟਿਆਲਾ, ਫਤਹਿਗੜ੍ਹ ਸਾਹਿਬ, ਰੋਪੜ ਅਤੇ ਲੁਧਿਆਣਾ ਵਿੱਚ ਵੀ ਨਿਗਰਾਨੀ ਪ੍ਰਣਾਲੀ ਲਗਾਈ ਜਾਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਣ ਕਿ ਹੁਣ ਮੁਹਾਲੀ ਵਿੱਚ ਕੈਮਰਿਆਂ ਰਾਹੀਂ ਚਲਾਨ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੈਮਰੇ ਲਗਾਉਣ ਦਾ ਮਕਸਦ ਸਿਰਫ ਚਲਾਨ ਕੱਟਣਾ ਜਾਂ ਆਮਦਨ ਵਧਾਉਣਾ ਨਹੀਂ ਹੈ, ਸਗੋਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
Published on: ਮਾਰਚ 6, 2025 1:10 ਬਾਃ ਦੁਃ