ਅੰਮ੍ਰਿਤਸਰ, 9 ਮਾਰਚ, ਦੇਸ਼ ਕਲਿਕ ਬਿਊਰੋ :
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੀ ਦਮਦਮਾ ਸਾਹਿਬ ਤੋਂ ਗਿਆਨੀ ਸੁਲਤਾਨ ਸਿੰਘ ਨੂੰ ਸੇਵਾਮੁਕਤ ਕਰਨ ਤੋਂ ਬਾਅਦ ਅਕਾਲੀ ਦਲ ਵਿੱਚ ਵੀ ਬਗਾਵਤੀ ਸੁਰ ਉੱਠਣ ਲੱਗੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ ਹੋਰ 6 ਆਗੂ ਇਸ ਸੇਵਾਮੁਕਤੀ ਦੇ ਫੈਸਲੇ ਦੇ ਵਿਰੋਧ ਵਿੱਚ ਆ ਗਏ ਹਨ। ਦੂਜੇ ਪਾਸੇ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮਜੀਠੀਆ ਨੂੰ ਪਾਰਟੀ ਅਤੇ ਬਾਦਲ ਪਰਿਵਾਰ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਕਰਾਰ ਦੇ ਦਿੱਤਾ ਹੈ।ਜਥੇਦਾਰਾਂ ਦੀ ਸੇਵਾਮੁਕਤੀ ਤੋਂ ਬਾਅਦ ਸ਼ੁਰੂ ਹੋਏ ਇਸ ਪੂਰੇ ਘਟਨਾਕ੍ਰਮ ਵਿੱਚ ਮਜੀਠੀਆ ਅਤੇ ਬਾਦਲ ਪਰਿਵਾਰ ਵਿਚਕਾਰ ਦੂਰੀ ਦਿਸਣ ਲੱਗੀ ਹੈ। ਜਦਕਿ ਇਹ ਦੋਵੇਂ ਪਰਿਵਾਰ ਸਿਰਫ਼ ਰਾਜਨੀਤਿਕ ਹੀ ਨਹੀਂ, ਸਗੋਂ ਪਰਿਵਾਰਕ ਰਿਸ਼ਤਿਆਂ ਨਾਲ ਵੀ ਜੁੜੇ ਹੋਏ ਹਨ।ਅਕਾਲੀ ਦਲ ਵਿੱਚ ਇਹ ਵਿਰੋਧ ਬਿਕਰਮ ਮਜੀਠੀਆ ਅਤੇ ਹੋਰ 6 ਸੀਨੀਅਰ ਆਗੂਆਂ ਸ਼ਰਨਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਲੋਧੀਨੰਗਲ, ਜੋਧ ਸਿੰਘ ਸਾਮਰਾ, ਸਰਬਜੀਤ ਸਿੰਘ ਸਾਬੀ, ਰਮਨਦੀਪ ਸਿੰਘ ਸੰਧੂ, ਅਤੇ ਸਿਮਰਜੀਤ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਤੋਂ ਬਾਅਦ ਸ਼ੁਰੂ ਹੋਇਆ। ਜਿਸ ਵਿੱਚ ਕਿਹਾ ਗਿਆ ਕਿ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਜੋ ਫੈਸਲਾ ਲਿਆ ਹੈ, ਉਸ ਨਾਲ ਸੰਪੂਰਨ ਸੰਗਤ ਅਤੇ ਸਾਡੇ ਮਨਾਂ ਨੂੰ ਗੰਭੀਰ ਠੇਸ ਪਹੁੰਚੀ ਹੈ।
Published on: ਮਾਰਚ 9, 2025 10:08 ਪੂਃ ਦੁਃ