ਚੰਡੀਗੜ੍ਹ, 12 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਮੋਗਾ ਪੁਲਿਸ ਨੇ ਇਕ ਸਾਂਝੇ ਓਪਰੇਸ਼ਨ ਵਿੱਚ ਵਿਦੇਸ਼ ਵਿੱਚ ਬੈਠੇ ਬਦਨਾਮ ਗੈਂਗਸਟਰ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਲਈ ਕੰਮ ਕਰ ਰਹੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਅਤੇ ਉਕਤ ਗੈਂਗਸਟਰ ਵਿਚਕਾਰ ਗੋਲੀਬਾਰੀ ਵੀ ਹੋਈ।
ਬਦਮਾਸ਼ ਦੀ ਪਹਿਚਾਣ ਮੋਗਾ ਦੇ ਦੋਸਾਂਝ ਰੋਡ ਉੱਤੇ ਸਥਿਤ ਪਿੰਡ ਦੋਸਾਂਝ ਤਲਵੰਡੀ ਦੇ ਰਹਿਣ ਵਾਲੇ ਮਲਕੀਤ ਸਿੰਘ ਉਰਫ਼ ਮਨੂ ਵਜੋਂ ਹੋਈ ਹੈ। ਉਸ ਕੋਲੋਂ ਪੁਲਿਸ ਨੇ ਇੱਕ .32 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲਦੀ ਹੀ ਪੁਲਿਸ ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।
ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। DGP ਯਾਦਵ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਮੋਗਾ ਪੁਲਿਸ ਦੇ ਸਾਂਝੇ ਓਪਰੇਸ਼ਨ ਦੌਰਾਨ ਮਲਕੀਤ ਸਿੰਘ ਉਰਫ਼ ਮਨੂ ਨਿਵਾਸੀ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਲਕੀਤ ਲਗਾਤਾਰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਨਾਲ ਸੰਪਰਕ ਵਿੱਚ ਸੀ।ਮੁਲਜ਼ਮ ਦਵਿੰਦਰ ਬੰਬੀਹਾ ਗਿਰੋਹ ਲਈ ਕੰਮ ਕਰ ਰਿਹਾ ਸੀ।
Published on: ਮਾਰਚ 12, 2025 4:38 ਬਾਃ ਦੁਃ