ਰਾਜੇਸ਼ ਕੋਛੜ
ਮੋਗਾ, 12 ਮਾਰਚ -ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਦੇ ਸਖਤ ਦਿਸ਼ਾ-ਨਿਰਦੇਸ਼ਾਂ ਤਹਿਤ ਮੋਗਾ ਪੁਲਿਸ ਵੀ ਨਿੱਤ ਦਿਨ ਇਸ ਪ੍ਰਤੀ ਕੜੀ ਮਿਹਨਤ ਕਰ ਰਹੀ ਹੈ ਤਾਂ ਕਿ ਜ਼ਿਲ੍ਹੇ ਵਿੱਚੋਂ ਜਲਦ ਤੋਂ ਜਲਦ ਨਸ਼ਿਆਂ ਦਾ ਸਫਾਇਆ ਕੀਤਾ ਜਾ ਸਕੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਅਜੇ ਗਾਂਧੀ ਨੇ ਕੀਤਾ। ਉਹਨਾਂ ਦੱਸਿਆ ਮੋਗਾ ਪੁਲਿਸ ਬਿਨਾਂ ਰਾਜਨੀਤਿਕ ਜਾਂ ਕਿਸੇ ਹੋਰ ਦਬਾਅ ਤੋਂ ਨਸ਼ਿਆਂ ਵਿਰੁੱਧ ਯੁੱਧ ਲੜ ਰਹੀ ਹੈ। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪਿਛਲੇ 11 ਦਿਨਾਂ ਵਿੱਚ ਹੀ ਮੋਗਾ ਪੁਲਿਸ ਵੱਲੋਂ 3 ਸਪੈਸ਼ਲ ਆਪਰੇਸ਼ਨ ਕੀਤੇ ਗਏ ਹਨ, 5 ਹੌਟਸਪਾਟ ਏਰੀਆ ਵਿੱਚ ਕੇਸੋ ਆਪਰੇਸ਼ਨ ਚਲਾਏ ਸਨ ਜਿਹਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਏ। ਨਸ਼ਾ ਤਸਕਰੀ ਵਿੱਚ ਪਏ 71 ਵਿਅਕਤੀਆਂ ਨੂੰ ਗ੍ਰਿਫਤਾਰ ਅਤੇ 53 ਦੋਸ਼ੀਆਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 3 ਕਿੱਲੋ 205 ਗ੍ਰਾਮ ਹੈਰੋਇਨ, 22.800 ਗ੍ਰਾਮ ਪੋਸਤ, 2848 ਨਸ਼ੀਲੀਆਂ ਗੋਲੀਆਂ, 250 ਗ੍ਰਾਮ ਅਫੀਮ ਤੇ 1 ਲੱਖ 54 ਹਜਾਰ 540 ਰੁਪਏ ਡਰੱਗ ਮਨੀ ਵਜੋਂ ਬਰਾਮਦ ਕੀਤੇ ਗਏ ਹਨ। ਨਸ਼ਾ ਤਸਕਰੀ ਵਿੱਚ ਸ਼ਾਮਿਲ ਵੱਖ ਵੱਖ 6 ਵਹੀਕਲਾਂ ਨੂੰ ਵੀ ਕਾਬੂ ਕੀਤਾ ਗਿਆ ਹੈ।
ਸ਼੍ਰੀ ਅਜੇ ਗਾਂਧੀ ਨੇ ਅੱਗੇ ਦੱਸਿਆ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਉਦੋਂ ਤੱਕ ਖਤਮ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਨਸ਼ਿਆਂ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਉਹ ਆਪਣਾ ਮੁਫਤ ਇਲਾਜ ਕਰਵਾ ਕੇ ਬਿਹਤਰ ਜਿੰਦਗੀ ਜਿਉਣ ਦੇ ਕਾਬਲ ਬਣ ਸਕਣ। ਪੰਜਾਬ ਸਰਕਾਰ ਵੱਲੋਂ ਹੁਣ ਇਹਨਾਂ ਨੂੰ ਕਿੱਤਾਮੁਖੀ ਸਿਖਲਾਈ ਵੀ ਦਿੱਤੇ ਜਾਣ ਦੀ ਯੋਜਨਾ ਹੈ।
ਉਹਨਾਂ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਤੇ ਵੀ ਨਸ਼ਾ ਤਸਕਰੀ ਸਬੰਧੀ ਜਾਂ ਨਸ਼ਿਆਂ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦੇਣ ਜਾਂ ਫਿਰ ਹੈਲਪ ਲਾਈਨ ਨੰਬਰ 9779100200 ਦੀ ਵਰਤੋਂ ਕਰਨ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਨਸ਼ਾ ਤਸਕਰਾਂ ਨੂੰ ਕਾਨੂੰਨ ਅਨੁਸਾਰ ਸਖਤ ਸਜਾ ਦਿੱਤੀ ਜਾਵੇਗੀ।
ਉਹਨਾਂ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰ ਕਿਸੇ ਵੀ ਹੀਲੇ ਬਖਸ਼ੇ ਨਹੀਂ ਜਾਣਗੇ, ਉਹ ਕਾਨੂੰਨੀ ਕਾਰਵਾਈ ਲਈ ਜਾਂ ਜੇਲ੍ਹ ਜਾਣ ਲਈ ਤਿਆਰ ਰਹਿਣ।
Published on: ਮਾਰਚ 12, 2025 8:44 ਬਾਃ ਦੁਃ