ਫਾਜਿਲਕਾ 13 ਮਾਰਚ, ਦੇਸ਼ ਕਲਿੱਕ ਬਿਓਰੋ
ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਨੇ ਅੱਜ ਵਿਸ਼ਵ ਗੁਰਦਾ ਦਿਵਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵਿਸ਼ਵ ਭਰ ਵਿੱਚ ਵਿਸ਼ਵ ਗੁਰਦਾ ਦਿਵਸ ਕੀ ਤੁਹਾਡੇ ਗੁਰਦੇ ਠੀਕ ਹਨ? ਜਲਦੀ ਪਤਾ ਲਗਾਓ, ਗੁਰਦੇ ਦੀ ਸਿਹਤ ਦੀ ਰੱਖਿਆ ਕਰੋ ਥੀਮ ਹੇਠ ਮਨਾਇਆ ਜਾ ਰਿਹਾ ਹੈ। ਇਸ ਦਿਨ ਸਿਹਤ ਵਿਭਾਗ ਵੱਲੋਂ ਗੁਰਦਿਆਂ ਦੀ ਬਿਮਾਰੀਆਂ ਅਤੇ ਗੁਰਦਿਆਂ ਨੂੰ ਤੰਦਰੁਸਤ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਭਰ ਵਿਚ 850 ਮਿਲੀਅਨ ਵਿਅਕਤੀ ਗੁਰਦੇ ਦੀ ਬਿਮਾਰੀ (ਕਰੋਨਿਕ ਕਿਡਨੀ ਡਿਜ਼ੀਜ਼) ਤੋਂ ਪ੍ਰਭਾਵਿਤ ਹਨ। ਜੇਕਰ ਇਸ ਦਾ ਸਮੇਂ ਸਿਰ ਜਾਂਚ ਨਾ ਕਰਵਾਈ ਜਾਵੇ ਅਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਗੁਰਦੇ ਫੇਲ੍ਹ ਹੋਣ ਦਾ ਖਤਰਾ ਬਣ ਸਕਦਾ ਹੈ। ਜਿਸ ਦੇ ਨਤੀੇਜੇ ਵਜੋਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਉਹਨਾਂ ਦੱਸਿਆ ਕਿ ਗੁਰਦੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੈ। ਰਹਿੰਦ—ਖੂੰਦ ਨੂੰ ਫਿਲਟਰ ਕਰਨ ਅਤੇ ਤਰਲ ਪਦਾਰਥਾਂ ਨੁੰ ਸੰਤੁਲਿਤ ਕਰਨ ਤੋਂ ਲੇ ਕੇ ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰਨ ਤੱਕ ਦਾ ਰੋਲ ਨਿਭਾਉਂਦੇ ਹਨ। ਉਹਨਾਂ ਦੱਸਿਆ ਕਿ ਗੁਰਦੇ ਦੀਆਂ ਦਿਮਾਰੀਆਂ ਅਕਸਰ ਚੁੱਪਚਾਪ ਵਿਕਸਤ ਹੁੰਦੀਆਂ ਹਨ, ਜਦੋਂ ਤੱਕ ਮਹੱਤਵਪੂਰਨ ਨੁਕਸਾਨ ਨਹੀਂ ਹੋ ਜਾਂਦਾ, ਕੋਈ ਲੱਛਣ ਨਹੀਂ ਦਿਖਾਉਂਦੀਆਂ। ਇਸ ਲਈ ਹਰੇਕ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਆਪਣੇ ਖੂਨ ਦੇ ਸੀਰਮ ਕ੍ਰੀਏਟੀਨਾਈਨ ਅਤੇ ਗਲੋਮੇਰੂਲਰ ਫਿਲਟਰੇਸ਼ਨ ਰੇਟ ਅਤੇ ਪਿਸ਼ਾਬ ਦੇ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀਆਂ, ਮੋਟਾਪਾ ਅਤੇ ਗੁਰਦੇ ਦੀ ਬਿਮਾਰੀ ਦਾ ਪਰਿਵਾਰਿਕ ਇਤਿਹਾਸ ਗੁਰਦੇ ਦੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਉਹਨਾਂ ਕਿਹਾ ਕਿ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖੋ, ਰੋਜ਼ਾਨਾ 2—3 ਲੀਟਰ ਪਾਣੀ ਪੀਓ, ਸੰਤੁਲਿਤ ਖੁਰਾਕ ਖਾਓ, ਨਮਕ ਅਤੇ ਖੰਡ ਦਾ ਸੇਵਨ ਘਟਾਓ ਅਤੇ ਗੈਰ—ਸਿਹਤਮੰਦ ਚਰਬੀ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕਰੋ, ਹਰ ਰੋਜ਼ ਅੱਧਾ ਘੰਟਾ ਸੈਰ ਕਰੋ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਰੱਖੋ। ਇਸ ਸਮੇਂ ਡਾ ਕਵਿਤਾ ਸਿੰਘ, ਡਾ ਐਰਿਕ ਅਤੇ ਵਿਨੋਦ ਖੁਰਾਣਾ ਹਾਜ਼ਰ ਸਨ।
Published on: ਮਾਰਚ 13, 2025 7:21 ਬਾਃ ਦੁਃ