ਚੰਡੀਗੜ੍ਹ/ਫਰੀਦਕੋਟ, 15 ਮਾਰਚ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸੰਗਠਿਤ ਅਪਰਾਧ ਵਿਰੁੱਧ ਜਾਰੀ ਲੜਾਈ ਦੌਰਾਨ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਫਰੀਦਕੋਟ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ‘ਚ ਫਰੀਦਕੋਟ ਵਿਖੇ ਸੰਖੇਪ ਮੁਕਾਬਲੇ ਤੋਂ ਬਾਅਦ ਵਿਦੇਸ਼ ਅਧਾਰਤ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਇੱਕ ਭਗੌੜੇ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਵਜੋਂ ਹੋਈ ਹੈ, ਜੋ ਕਿ ਮੋਗਾ ਦੇ ਤਲਵੰਡੀ ਭਾਗੜੀਆਂ ਦਾ ਰਹਿਣ ਵਾਲਾ ਹੈ। ਪੁਲਿਸ ਟੀਮਾਂ ਨੇ ਉਸਦੇ ਕਬਜੇ ‘ਚੋਂ ਚਾਰ ਜ਼ਿੰਦਾ ਕਾਰਤੂਸ ਸਮੇਤ .30 ਬੋਰ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਪੁਲਿਸ ਟੀਮਾਂ ਨੇ ਦੋਸ਼ੀ ਮਨਪ੍ਰੀਤ ਉਰਫ਼ ਮਨੀ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਉਸਦੇ ਦੋ ਸਾਥੀਆਂ, ਜਿਨ੍ਹਾਂ ਦੀ ਪਛਾਣ ਫਰੀਦਕੋਟ ਦੇ ਚਾਨੀਆ ਦੇ ਜਗਮੀਤ ਸਿੰਘ ਉਰਫ਼ ਮੀਤਾ ਅਤੇ ਫਿਰੋਜ਼ਪੁਰ ਦੇ ਮਹਿਮਾ ਦੇ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ, ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੂੰ ਇਹ ਸਫ਼ਲਤਾ ਬੁੱਧਵਾਰ ਨੂੰ ਮਨਪ੍ਰੀਤ ਮਨੀ ਦੇ ਸਹਿ-ਦੋਸ਼ੀ ਮਲਕੀਤ ਸਿੰਘ ਉਰਫ਼ ਮਨੂ ਨੂੰ ਚਾਰ ਕਾਰਤੂਸਾਂ ਅਤੇ .32 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਮਿਲੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਸ਼ੀ ਮਲਕੀਤ ਮਨੂ ਨੇ ਮਨਪ੍ਰੀਤ ਉਰਫ਼ ਮਨੀ ਨਾਲ ਮਿਲ ਕੇ 19 ਫਰਵਰੀ, 2025 ਨੂੰ ਮੋਗਾ ਦੇ ਪਿੰਡ ਕਪੂਰਾ ਵਿੱਚ ਆਪਣੇ ਵਿਰੋਧੀ ‘ਤੇ ਹਮਲਾ ਕੀਤਾ ਜਿਸ ਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਔਰਤ ਦੀ ਲੱਤ ‘ਤੇ ਗੋਲੀ ਲੱਗੀ। ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ 26 ਫਰਵਰੀ, 2025 ਨੂੰ ਜਗਰਾਉਂ ਦੇ ਰਾਜਾ ਢਾਬੇ ‘ਤੇ ਹੋਈ ਗੋਲੀਬਾਰੀ ਦੀ ਘਟਨਾ, ਜਿਸਦੀ ਯੋਜਨਾ ਵਿਦੇਸ਼ੀ ਗੈਂਗਸਟਰ ਲੱਕੀ ਪਟਿਆਲ ਨੇ ਬਣਾਈ ਸੀ, ਵਿੱਚ ਵੀ ਸ਼ਾਮਲ ਹਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
Published on: ਮਾਰਚ 15, 2025 8:04 ਬਾਃ ਦੁਃ