ਸੰਗਰੂਰ, 17 ਮਾਰਚ, ਦੇਸ਼ ਕਲਿਕ ਬਿਊਰੋ :
ਸੰਗਰੂਰ ਦੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਇੱਕ ਸੰਸਥਾ ਵੱਲੋਂ ਗੰਜਾਪਨ ਦੂਰ ਕਰਨ ਲਈ ਕੈਂਪ ਲਗਾਇਆ ਗਿਆ। ਇਸ ਦੌਰਾਨ 20 ਦੇ ਕਰੀਬ ਲੋਕਾਂ ਨੂੰ ਸਿਰ ‘ਤੇ ਤੇਲ ਲਗਾਉਣ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਗਈ।
ਅੱਖਾਂ ਵਿੱਚ ਦਰਦ ਤੋਂ ਪ੍ਰੇਸ਼ਾਨ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਹੁਣ ਪਤਾ ਲੱਗਾ ਹੈ ਕਿ ਇਸ ਕੈਂਪ ਲਈ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਐਸਡੀਐਮ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਕੈਂਪ ਪ੍ਰਬੰਧਕਾਂ ਨੇ ਕੋਈ ਪ੍ਰਵਾਨਗੀ ਨਹੀਂ ਲਈ ਸੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਮਰਜੈਂਸੀ ‘ਚ ਇਲਾਜ ਲਈ ਆਏ ਬ੍ਰਿਜ ਮੋਹਨ, ਸੰਜੇ, ਪਿੰਕੀ, ਅਲੋਕ, ਸੰਜੀਵ ਕੁਮਾਰ, ਜਸਵੀਰ ਸਿੰਘ, ਪ੍ਰਦੀਪ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਬਿੱਟੂ, ਰਾਜ ਅਤੇ ਰਾਜੂ ਨੇ ਦੱਸਿਆ ਕਿ ਉਹ ਕੈਂਪ ਵਿੱਚ ਪੁੱਜੇ ਸਨ ਪਰ ਕੈਂਪ ਵਿੱਚ ਉਨ੍ਹਾਂ ਦੇ ਸਿਰ ’ਤੇ ਤੇਲ ਲਾਉਣ ਕਾਰਨ ਉਨ੍ਹਾਂ ਦੀਆਂ ਅੱਖਾਂ ਲਾਲ ਹੋਣ ਲੱਗੀਆਂ ਅਤੇ ਤੇਜ਼ ਦਰਦ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਆਉਣਾ ਪਿਆ।
ਐਮਰਜੈਂਸੀ ਵਿੱਚ ਤਾਇਨਾਤ ਡਾ: ਗੀਤਾਂਸ਼ੂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ 30 ਮਰੀਜ਼ ਆ ਚੁੱਕੇ ਹਨ, ਜਿਨ੍ਹਾਂ ਨੇ ਅੱਖਾਂ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ।
Published on: ਮਾਰਚ 17, 2025 11:46 ਪੂਃ ਦੁਃ