ਗੁਰਦਾਸਪੁਰ, 18 ਮਾਰਚ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਜ਼ਿਲ੍ਹੇ ਦੇ ਅੱਡਾ ਸਠਿਆਲੀ ‘ਚ ਇਕ ਅਧਿਆਪਕ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਸੈਣੀ ਇਲੈਕਟ੍ਰੀਕਲ ਦੀ ਦੁਕਾਨ ‘ਤੇ ਬੈਠੇ ਸਰਕਾਰੀ ਸਕੂਲ ਦੇ ਅਧਿਆਪਕ ਇਕਬਾਲ ਸਿੰਘ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਟੀਮ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ‘ਚ ਲੱਗੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਇਕਬਾਲ ਸਿੰਘ ਆਪਣੇ ਪਿਤਾ ਮਾਸਟਰ ਜਵੰਦ ਸਿੰਘ ਨਾਲ ਦੁਕਾਨ ’ਤੇ ਬੈਠਾ ਸੀ। ਜਵੰਦ ਸਿੰਘ ਪੈਨਸ਼ਨਰਜ਼ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਹਨ ਅਤੇ ਨੇਨੇ ਕੋਟ ਦੇ ਵਸਨੀਕ ਹਨ। ਦੋ ਨੌਜਵਾਨ ਦੁਕਾਨ ‘ਤੇ ਆਏ ਅਤੇ ਇਕ ਨੇ ਦੂਜੇ ਨੂੰ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਇਹ ਉਹੀ ਵਿਅਕਤੀ ਹੈ। ਦੂਜੇ ਦੀ ਸਹਿਮਤੀ ਮਿਲਣ ਤੋਂ ਬਾਅਦ ਇਕ ਮੁਲਜ਼ਮ ਨੇ ਗੋਲੀ ਚਲਾ ਦਿੱਤੀ।
ਆਤਮ ਰੱਖਿਆ ਵਿਚ ਇਕਬਾਲ ਸਿੰਘ ਨੇ ਨੇੜੇ ਪਏ ਦਾਤਰ ਨਾਲ ਹਮਲਾਵਰਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਅਜਿਹਾ ਕਰਦਾ, ਉਸ ਦੇ ਪੱਟ ਵਿਚ ਗੋਲੀ ਲੱਗ ਗਈ। ਜ਼ਖਮੀ ਇਕਬਾਲ ਨੂੰ ਪਹਿਲਾਂ ਸਠਿਆਲੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ।
Published on: ਮਾਰਚ 18, 2025 12:19 ਬਾਃ ਦੁਃ