ਮੋਰਿੰਡਾ 18 ਮਾਰਚ ਭਟੋਆ, ਦੇਸ਼ ਕਲਿੱਕ ਬਿਓਰੋ
ਜਿਲਾ ਰੂਪਨਗਰ ਦੇ ਪੁਲਿਸ ਮੁਖੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਕਾਬੂ ਪਾਉਣ ਸਬੰਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਮਹਿਤੋਤ ਦੇ ਇੱਕ ਵਿਅਕਤੀ ਦੇ ਹੋਏ ਅੰਨੇ ਕਤਲ ਦੇ ਦੋਸ਼ੀ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਦੌਰਾਨ ਦੋਸ਼ੀ ਕੋਲੋ, ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਪ੍ਰੀਤ ਸਿੰਘ ਐਸਐਚਓ ਸ੍ਰੀ ਚਮਕੌਰ ਸਾਹਿਬ ਨੂੰ ਦੱਸਿਆ ਕਿ 21 ਫਰਵਰੀ ਨੂੰ ਪਿੰਡ ਜੰਡ ਸਾਹਿਬ ਤੋਂ ਪਿੰਡ ਰਾਏਪੁਰ ਨੂੰ ਜਾਂਦੀ ਸੜਕ ਤੇ ਗੁਰਬਚਨ ਸਿੰਘ ਪੁੱਤਰ ਵਸਾਖਾ ਸਿੰਘ ਵਾਸੀ ਪਿੰਡ ਮਹਿਤੋਤ ਥਾਣਾ ਸ੍ਰੀ ਚਮਕੌਰ ਸਾਹਿਬ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਪ੍ਰੰਤੂ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਾ ਲੱਗਣ ਕਾਰਨ ਮ੍ਰਿਤਕ ਦੇ ਪੁੱਤਰ ਗੁਰਦੀਪ ਸਿੰਘ ਦੇ ਬਿਆਨ ਦੇ ਅਧਾਰ ਤੇ 21 ਫਰਵਰੀ ਨੂੰ ਵੱਖ-ਵੱਖ ਧਰਾਵਾਂ ਦੀਨ ਮੁਕਦਮਾ ਨੰਬਰ 18 ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਾਮਲਾ ਸ਼ੱਕੀ ਹੋਣ ਕਾਰਨ ਜਿਲਾ ਪੁਲਿਸ ਮੁਖੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨਾਂ ਵੱਲੋਂ ਡੀਐਸਪੀ ਸ੍ਰੀ ਮਨਜੀਤ ਸਿੰਘ ਔਲਖ, ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਡੱਲਾ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਸ਼ਿੰਦਰਪਾਲ ਸਿੰਘ ਸਪੈਸ਼ਲ ਟੀਮ ਦਾ ਗਠਨ ਕਰਕੇ ਮਾਮਲੇ ਦੀ ਤਕਨੀਕੀ, ਮਨੁੱਖੀ ਸਰੋਤ ਅਤੇ ਮ੍ਰਿਤਕ ਦੀ ਡਾਕਟਰੀ ਰਿਪੋਰਟ ਦੀ ਬਰੀਕੀ ਨਾਲ ਪੜਤਾਲ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਬਚਨ ਸਿੰਘ ਦੇ ਫੋਨ ਦੀ ਕਾਲ ਡਿਟੇਲ ਨੂੰ ਖੰਗਾਲਿਆ ਗਿਆ ਜਿਸ ਦੌਰਾਨ ਗੁਰਨਾਮ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਪਿੰਡ ਬੈਨੀਜਾਰ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਨੰਬਰ ਸ਼ੱਕੀ ਜਾਪਿਆ, ਜਿਹੜਾ ਕਿ ਮ੍ਰਿਤਕ ਦੀ ਲੜਕੀ ਦੇ ਸਹੁਰੇ ਪਰਿਵਾਰ ਦਾ ਰਿਸ਼ਤੇਦਾਰ ਹੈ। ਉਹਨਾਂ ਦੱਸਿਆ ਕਿ ਪੜਤਾਲ ਟੀਮ ਨੂੰ ਟੈਕਨੀਕਲ ਸਬੂਤਾਂ ਅਤੇ ਸੋਰਸਾਂ ਦੇ ਆਧਾਰ ਤੇ ਇਸ ਸਪਸ਼ਟ ਹੋ ਗਿਆ ਕਿ ਗੁਰਬਚਨ ਸਿੰਘ ਦਾ ਕਤਲ ਗੁਰਨਾਮ ਸਿੰਘ ਵੱਲੋਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ 17 ਮਾਰਚ ਨੂੰ ਪਿੰਡ ਮਹਿਤੋਤ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਨਾਮ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਸਾਬਕਾ ਸਰਪੰਚ ਨੇ ਦੋਸ਼ੀ ਨੂੰ ਪੁਲਿਸ ਕੋਲ ਪੇਸ਼ ਕਰ ਦਿੱਤਾ।
ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਇਸ ਕਤਲ ਦਾ ਕਾਰਨ ਦੱਸਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਗੁਰਬਚਨ ਸਿੰਘ ਆਪਣੀ ਲੜਕੀ ਪਰਮਿੰਦਰ ਕੌਰ ਕੋਲ ਗਿਆ ਹੋਇਆ ਸੀ ਅਤੇ ਉੱਥੇ ਹੀ ਦੋਸ਼ੀ ਗੁਰਨਾਮ ਸਿੰਘ ਵੀ ਆਇਆ ਹੋਇਆ ਸੀ ਜਿਨਾਂ ਨੇ ਰਾਤ ਸਮੇਂ ਇਕੱਠੀਆਂ ਸ਼ਰਾਬ ਪੀਤੀ, ਜਿਸ ਦੌਰਾਨ ਮ੍ਰਿਤਕ ਗੁਰਬਚਨ ਸਿੰਘ ਨੇ ਦੋਸ਼ੀ ਗੁਰਨਾਮ ਸਿੰਘ ਨੂੰ ਆਪਣੀ ਵਿਧਵਾ ਹੋਈ ਲੜਕੀ ਦਾ ਉਸ ਨਾਲ ਵਿਆਹ ਕਰਨ ਲਈ ਕਿਹਾ, ਜਿਸ ਤੋਂ ਤੈਸ਼ ਵਿੱਚ ਆ ਕੇ ਉਸਨੇ ਗੁਰਬਚਨ ਸਿੰਘ ਨੂੰ ਕਤਲ ਕਰਨ ਦੀ ਸਾਜਿਸ਼ ਰਚੀ । ਉਹਨਾਂ ਦੱਸਿਆ ਕਿ ਇਸੇ ਸਾਜਿਸ਼ ਤਹਿਤ ਉਸਨੇ 20 ਫਰਵਰੀ ਨੂੰ ਗੁਰਬਚਨ ਸਿੰਘ ਨੂੰ ਫੋਨ ਕਰਕੇ ਸ਼ਰਾਬ ਪੀਣ ਲਈ ਪਿੰਡ ਧੌਲਰਾਂ ਬੁਲਾ ਲਿਆ ਅਤੇ ਸ਼ਰਾਬ ਪਿਲਾਉਣ ਉਪਰੰਤ ਪਿੰਡ ਜੰਡ ਸਾਹਿਬ ਤੋਂ ਪਿੰਡ ਰਾਏਪੁਰ ਨੂੰ ਜਾਂਦੀ ਸੜਕ ਤੇ ਸੁੰਨਸਾਨ ਜਗ੍ਹਾ ਤੇ ਗੁਰਬਚਨ ਸਿੰਘ ਦਾ ਕਤਲ ਕਰ ਦਿੱਤਾ । ਉਹਨਾਂ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਰੋਪੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਦੋਸ਼ੀ ਗੁਰਨਾਮ ਸਿੰਘ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ, ਜਿਸ ਦੌਰਾਨ ਦੋਸ਼ੀ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਇਸ ਕਤਲ ਕੇਸ ਵਿੱਚ ਜੇਕਰ ਕਿਸੇ ਹੋਰ ਦੀ ਵੀ ਸ਼ਮੂਲੀਅਤ ਪਾਈ ਜਾਂਦੀ ਹੈ ,ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ
Published on: ਮਾਰਚ 18, 2025 8:12 ਬਾਃ ਦੁਃ