ਸਫਾਈ ਸੇਵਕਾਂ ਦਾ ਕੰਮ ਸਭ ਤੋਂ ਮੁਸ਼ਕਿਲ, ਅਣਹੋਣੀ ‘ਚ ਵੀ ਨਹੀਂ ਮਿਲਦਾ ਮੁਆਵਜ਼ਾ: ਕੁਲਵੰਤ ਸਿੰਘ
ਮੋਹਾਲੀ, 21 ਮਾਰਚ: ਦੇਸ਼ ਕਲਿੱਕ ਬਿਓਰੋ
16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ (ਬਜਟ) ਸੈਸ਼ਨ ਦੌਰਾਨ ਅੱਜ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ‘ਚ ਸਫਾਈ ਸੇਵਕਾਂ ਦੀ ਘੱਟੋ-ਘੱਟ ਉਜਰਤ ‘ਚ ਵਾਧਾ ਕਰਨ ਦਾ ਮੁੱਦਾ ਚੁੱਕਿਆ |
ਵਿਧਾਨ ਸਭਾ ‘ਚ ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਵਿੱਚ ਘੱਟੋ ਘੱਟ ਉਜਰਤਾਂ (ਬੇਸ ਰੇਟ) ਵਿੱਚ ਵਾਧਾ ਕਰਨ ਦੀ ਕੋਈ ਤਜਵੀਜ਼ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ, ਜੇਕਰ ਹੈ ਤਾਂ ਇਸ ਨੂੰ ਅਮਲੀ ਰੂਪ ਕਦੋਂ ਤੱਕ ਦੇ ਦਿੱਤਾ ਜਾਵੇਗਾ ?
ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੈਂ ਸਰਕਾਰ ਦੇ ਧਿਆਨ ‘ਚ ਲਿਆਉਣਾ ਚਾਹੁੰਦਾ ਹਾਂ ਕਿ ਚੰਡੀਗੜ੍ਹ ‘ਚ ਬੇਸ ਰੇਟ ਪੰਜਾਬ ਨਾਲੋਂ ਢਾਈ ਗੁਣਾ ਹੈ | ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ‘ਚ ਵੀ ਵੱਧ ਹੈ | ਪੰਜਾਬ ‘ਚ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ | ਵਿਧਾਇਕ ਨੇ ਕਿਹਾ ਕਿ ਕੀ ਇਨ੍ਹਾਂ ਦੀ ਘੱਟੋ ਘੱਟ ਉਜਰਤਾਂ ਵਾਧਾ ਚੰਡੀਗੜ੍ਹ ਦੀ ਤਰਜ਼ ‘ਤੇ ਕੀਤਾ ਜਾਵੇਗਾ ?
ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ‘ਚ ਚਾਰ ਸ਼੍ਰੇਣੀਆਂ ਹਨ, ਜਿਨ੍ਹਾਂ ‘ਚ ਘੱਟੋ-ਘੱਟ ਰੇਟ ਨਿਰਧਾਰਿਤ ਕੀਤਾ ਗਿਆ ਹੈ | ਇਨ੍ਹਾਂ ‘ਚ ਇੱਕ ਬਹੁਤ ਜਰੂਰੀ ਸ਼੍ਰੇਣੀ ਸਫਾਈ ਸੇਵਕਾਂ ਦੀ ਹੈ | ਸਫਾਈ ਸੇਵਕਾਂ ਦਾ ਕੰਮ ਸਭ ਤੋਂ ਮੁਸ਼ਕਿਲ ਕੰਮ ਹੈ | ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇੱਕ ਸਰਵੇ ਮੁਤਾਬਕ ਕਿ ਕਿਹੜੀ ਸ਼੍ਰੇਣੀ ‘ਚੋਂ ਸਭ ਘੱਟ ਉਮਰ ਦੇ ਵਿਅਕਤੀ ਮਰਦੇ ਹਨ, ਉਨ੍ਹਾਂ ‘ਚ ਸਭ ਤੋਂ ਵੱਧ ਸਫਾਈ ਸੇਵਕ ਦਾ ਅੰਕੜਾ ਹੈ |
ਉਨ੍ਹਾਂ ਦੱਸਿਆ ਕੁਝ ਦੀ ਤਾਂ ਸੇਵਾਮੁਕਤੀ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ | ਸਫਾਈ ਸੇਵਕ ਧੂੜ ਆਦਿ ‘ਚ ਕੰਮ ਕਰਦੇ ਹਨ ਅਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ | ਕਈ ਸਫਾਈ ਸੇਵਕ ਸੀਵਰੇਜ ਸਫਾਈ ਦਾ ਕੰਮ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ | ਇਨ੍ਹਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ, ਕਿਉਂਕਿ ਇਹ ਠੇਕਾ ਅਧਾਰਿਤ ਕਾਮੇ ਹੁੰਦੇ ਹਨ |
ਵਿਧਾਇਕ ਸ. ਕੁਲਵੰਤ ਸਿੰਘ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਚਾਰ ਸ਼੍ਰੇਣੀਆਂ ‘ਚ ਬੇਸ ਰੇਟ ਬਰਾਬਰ ਵਧਾਈ ਜਾਵੇ ਅਤੇ ਬੇਸ ਰੇਟ ਵਧਾਉਣ ਵੇਲੇ ਗੁਆਂਢੀ ਸੂਬਿਆਂ ਦਾ ਰਿਕਾਰਡ ਵੀ ਧਿਆਨ ‘ਚ ਰੱਖਿਆ ਜਾਵੇ | ਇਸ ਨਾਲ ਸਫਾਈ ਸੇਵਕ ਨੂੰ ਵੱਡੀ ਰਾਹਤ ਮਿਲੇਗੀ |
ਵਿਧਾਇਕ ਸ. ਕੁਲਵੰਤ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਘੱਟੋ ਘੱਟ ਉਜਰਤ ਦਾ ਮੁੱਦਾ ‘ਚ ਵਾਧਾ ਕਰਨ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਚ ਅੱਠ ਸ਼੍ਰੇਣੀਆਂ ਹਨ |
ਕਿਰਤ ਮੰਤਰੀ ਨੇ ਦੱਸਿਆ ਕਿ ਘੱਟੋ-ਘੱਟ ਉਜਰਤਾਂ ਦੇ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ | ਜਿਨ੍ਹਾਂ ‘ਚ ਇੱਕ ਹੈ ਘੱਟੋ-ਘੱਟ ਉਜਰਤਾਂ ਦੀ ਵਿਵਸਥਾ (adjustment) Consumer Price Index) ‘ਚ ਹੋਏ ਵਾਧੇ ਅਨੁਸਾਰ ਸਾਲ ‘ਚ ਦੋ ਵਾਰ, 1 ਮਾਰਚ ਅਤੇ 1 ਸਤੰਬਰ ਤੋਂ ਕੀਤੀ ਜਾਂਦੀ ਹੈ। ਇਸ ਮੁਤਾਬਕ ਆਖਰੀ ਵਾਧਾ ਮਿਤੀ 01.09.2024 ਨੂੰ ਹੋਇਆ ਸੀ ਅਤੇ ਅਗਲਾ ਵਾਧਾ ਮਿਤੀ 01.03.2025 ਤੋਂ ਆਉਣ ਵਾਲੇ ਕੁਝ ਦਿਨਾਂ ‘ਚ ਕਰ ਦਿੱਤਾ ਜਾਵੇਗਾ।
ਦੂਜਾ ਤਰੀਕਾ ਹੈ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ ‘ਚ ਵਾਧਾ ਕਰਨਾ। ਇਸ ਸਬੰਧੀ ਵੀ ਤਜਵੀਜ਼ ਮਹਿਕਮੇ ਦੇ ਵਿਚਾਰ ਅਧੀਨ ਹੈ। ਇਹ ਵਾਧਾ ਇਸ ਸਾਲ ‘ਚ ਹੋਣ ਦੀ ਉਮੀਦ ਹੈ, ਜਿਸ ਨਾਲ ਬੇਸ ਸਾਲ 2025 ਹੋ ਜਾਵੇਗਾ। ਉਨ੍ਹਾਂ ਕਿਹਾ ਵਿਧਾਇਕ ਸ. ਕੁਲਵੰਤ ਸਿੰਘ ਨਾਲ ਬੈਠ ਕੇ ਇਸ ਮਸਲੇ ਦਾ ਸਾਰਥਕ ਹੱਲ ਕੱਢ ਲਿਆ ਜਾਵੇਗਾ |
ਉਨ੍ਹਾਂ ਦੱਸਿਆ ਕਿ ਦੂਜਾ ਤਰੀਕਾ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ ਵਿੱਚ ਵਾਧਾ ਕਰਨਾ ਹੁੰਦਾ ਹੈ। ਇਸ ਸਬੰਧੀ ਵੀ ਤਜਵੀਜ਼ ਮਹਿਕਮੇ ਦੇ ਵਿਚਾਰ ਅਧੀਨ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਵਾਧਾ ਇਸ ਸਾਲ ਵਿੱਚ ਹੋ ਜਾਵੇਗਾ, ਜਿਸ ਨਾਲ ਬੇਸ ਸਾਲ 2025 ਹੋ ਜਾਵੇਗਾ।
ਐਮ ਐਲ ਏ ਕੁਲਵੰਤ ਸਿੰਘ ਨੇ ਇਸ ਮੌਕੇ ਮੰਗ ਕੀਤੀ ਕਿ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ ਵਿੱਚ ਆਲੇ ਦੁਆਲੇ ਦੇ ਰਾਜਾਂ ਅਤੇ ਯੂ ਟੀ ਮੁਤਾਬਕ ਵਾਧਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਕੁੱਝ ਰਾਹਤ ਮਿਲ ਸਕੇ।
Published on: ਮਾਰਚ 21, 2025 4:51 ਬਾਃ ਦੁਃ