ਰਾਜਪੁਰਾ, 22 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ-ਹਰਿਆਣਾ ਸਰਹੱਦ ‘ਤੇ ਸਥਿਤ ਸ਼ੰਭੂ ਬਾਰਡਰ ਨੂੰ ਬੀਤੇ ਦਿਨੀ ਹੀ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਿਆ ਗਿਆ। ਸ਼ੰਭੂ ਬਾਰਡਰ ਖੁੱਲਣ ਦੇ 24 ਘੰਟਿਆਂ ਦੇ ਅੰਦਰ ਹੀ ਵੱਡਾ ਹਾਦਸਾ ਸ਼ੰਭੂ ਟੋਲ ਪਲਾਜ਼ਾ ਨੇੜੇ ਵਾਪਰਿਆ।ਇਸ ਹਾਦਸੇ ਵਿੱਚ ਦੋ ਟਰੱਕ, ਦੋ ਕਾਰਾਂ ਅਤੇ ਇੱਕ ਟੈਂਪੂ ਟਰੈਵਲਰ ਹਾਦਸੇ ਦਾ ਸ਼ਿਕਾਰ ਹੋ ਗਏ। ਦੋ ਕਾਰਾਂ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਵਾਹਨਾਂ ਵਿੱਚ ਸਫ਼ਰ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਸਮੇਤ ਦਰਜਨ ਯਾਤਰੀ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਇਹ ਹਾਦਸਾ ਇਕ ਟਰੱਕ ਦੀ ਅਚਾਨਕ ਬ੍ਰੇਕ ਲੱਗਣ ਕਾਰਨ ਵਾਪਰਿਆ। ਬ੍ਰੇਕ ਲਗਾਉਣ ਕਾਰਨ ਪਿੱਛੇ ਤੋਂ ਆ ਰਿਹਾ ਟਰੱਕ ਅਤੇ ਹੋਰ ਵਾਹਨ ਆਪਸ ‘ਚ ਟਕਰਾ ਗਏ, ਜਿਸ ਕਾਰਨ ਇਨ੍ਹਾਂ ‘ਚ ਸਵਾਰ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ।
ਡੀਐਸਪੀ ਬਲਵਿੰਦਰ ਕੌਰ ਢਿੱਲੋਂ ਦੀ ਦੇਖ-ਰੇਖ ਹੇਠ ਸ਼ੰਭੂ ਸਰਹੱਦ ’ਤੇ ਸੁਰੱਖਿਆ ਲਈ 250 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਸਨ। ਉਨ੍ਹਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਨੁਕਸਾਨੇ ਵਾਹਨਾਂ ‘ਚੋਂ ਬਾਹਰ ਕੱਢਿਆ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਸ ਨੇ ਸਾਰੇ ਜ਼ਖਮੀਆਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਪਹੁੰਚਾਇਆ। ਸਥਾਨਕ ਲੋਕਾਂ ਨੇ ਵੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿਚ ਮਦਦ ਕੀਤੀ।
ਡੀਐਸਪੀ ਬਲਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ 250 ਦੇ ਕਰੀਬ ਸਿਪਾਹੀ ਇੱਥੇ ਤਾਇਨਾਤ ਹਨ। ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਦੀ ਜਾਨ ਬਚਾਈ। ਸਾਰੇ ਜ਼ਖ਼ਮੀ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਹਾਦਸੇ ‘ਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਗੰਭੀਰ ਜ਼ਖਮੀਆਂ ਨੂੰ ਅੰਬਾਲਾ ਅਤੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
Published on: ਮਾਰਚ 22, 2025 7:50 ਪੂਃ ਦੁਃ