ਮੋਹਾਲੀ, 26 ਮਾਰਚ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਸੈਕਟਰ 69 ਵਿਖੇ ਨਵੇਂ ਬਣੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਵਿਚ ਲੋਕਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਸੈਂਟਰ ਦੀ ਸ਼ੁਰੂਆਤ ਦੌਰਾਨ ਏਰੀਆ ਕੌਂਸਲਰ ਬੀਬੀ ਕੁਲਦੀਪ ਕੌਰ ਧਨੋਆ ਅਤੇ ਬੀਬੀ ਅਰੁਣਾ ਸ਼ਰਮਾ ਦੀ ਮੌਜੂਦਗੀ ਵਿਚ ਦਸਿਆ ਕਿ ਇਸ ਸੈਂਟਰ ਦੇ ਚਾਲੂ ਹੋਣ ਨਾਲ ਇਲਾਕਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦਸਿਆ ਕਿ ਸੈਂਟਰ ਵਿਚ ਇਕ ਮੈਡੀਕਲ ਅਫ਼ਸਰ, ਸਟਾਫ਼ ਨਰਸ, ਲੈਬ ਤਕਨੀਸ਼ੀਅਨ, ਫ਼ਾਰਮਾਸਿਸਟ, ਐਲ.ਐਚ.ਵੀ, ਏ.ਐਨ.ਐਮ. ਸਮੇਤ ਹੋਰ ਜ਼ਰੂਰੀ ਅਮਲਾ ਤੈਨਾਤ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਸੈਂਟਰ ਵਿਚ ਲੋਕਾਂ ਨੂੰ ਆਮ ਬੀਮਾਰੀਆਂ ਲਈ ਜਾਂਚ ਅਤੇ ਇਲਾਜ ਸਮੇਤ ਜੱਚਾ-ਬੱਚਾ ਜਾਂਚ ਤੇ ਇਲਾਜ, ਟੀਕਾਕਰਨ, ਜ਼ਰੂਰੀ ਦਵਾਈਆਂ ਤੇ ਹੋਰ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਲੋਕਾਂ ਨੂੰ ਉੱਚ-ਪਾਏ ਦੀਆਂ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਧਿਕਾਰੀਆਂ ਅਤੇ ਹੋਰ ਅਮਲੇ ਨੂੰ ਪਹਿਲਾਂ ਹੀ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਸਮੇਂ ਸਿਰ ਮਿਆਰੀ ਸਹੂਲਤਾਂ ਦਿਤੀਆਂ ਜਾਣ। ਇਸ ਮੌਕੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਰੈਜ਼ੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਵੀਰ ਸਿੰਘ, ਜਨਰਲ ਸਕੱਤਰ ਰੌਸ਼ਨ ਲਾਲ, ਸਮਾਜ ਸੇਵੀ ਕਰਮ ਸਿੰਘ ਮਾਵੀ, ਰਾਜੀਵ ਵਸ਼ਿਸ਼ਟ ਅਤੇ ਹੋਰ ਪਤਵੰਤੇ ਮੌਜੂਦ ਸਨ।
Published on: ਮਾਰਚ 26, 2025 3:13 ਬਾਃ ਦੁਃ