ਧੁੰਦ ਦੇ ਮੌਸਮ ਵਿੱਚ ਸੜਕ ਹਾਦਸਿਆਂ ਨੂੰ ਠੱਲ੍ਹਣ ਲਈ ਕੈਟ ਆਈਜ਼ ਲਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ: ਹਰਭਜਨ ਸਿੰਘ ਈ.ਟੀ.ਓ.
ਚੰਡੀਗੜ੍ਹ, 26 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬ ਰਾਜ ਵਿੱਚ ਧੁੰਦ ਦੇ ਮੌਸਮ ਦੌਰਾਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਕੈਟ ਆਈਜ਼ ਲਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਲੋਕ ਨਿਰਮਾਣ ਵਿਭਾਗ ਅਧੀਨ 390 ਕਿਮੀ ਕੌਮੀ ਮਾਰਗਾਂ ਅਤੇ 1287 ਕਿ.ਮੀ ਰਾਜ ਸੜਕਾਂ (ਸਟੇਟ ਹਾਈਵੇ ਐਮ.ਡੀ.ਆਰ. ਓ.ਡੀ.ਆਰ) ਦੇ ਅਪਗਰੇਡੇਸ਼ਨ ਦੇ ਕੰਮ ਅਤੇ ਚਿੱਟੀ ਪੱਟੀ ਵੀ ਠੇਕੇਦਾਰਾਂ ਵਲੋਂ ਲਗਾਈ ਗਈ। ਚਿੱਟੀ ਪੱਟੀ ਦੀ ਸਾਂਭ ਸੰਭਾਲ ਵੀ ਘੱਟੋ-ਘੱਟ ਤਿੰਨ ਸਾਲ ਲਈ ਉਸੇ ਹੀ ਠੇਕੇਦਾਰ ਤੋਂ ਕਰਵਾਈ ਜਾ ਰਹੀ ਹੈ।
ਅਜੀਤਪਾਲ ਸਿੰਘ ਕੋਹਲੀ ਦੇ ਸਪਲੀਮੈਂਟਰੀ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕਾਂ ਉੱਤੇ ਹਾਦਸਿਆਂ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਣ ਵਾਲੀਆਂ ਕੈਟ ਆਈਜ਼ ਲਾਉਣ ਸਬੰਧੀ ਕਾਰਵਾਈ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ।
Published on: ਮਾਰਚ 26, 2025 5:17 ਬਾਃ ਦੁਃ