ਗਾਂਧੀਨਗਰ, 28 ਮਾਰਚ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਇੱਕ ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ 40 ਬੱਚਿਆਂ ਨੇ ਬਲੇਡ (ਸ਼ਾਰਪਨਰ) ਨਾਲ ਆਪਣੇ ਹੱਥਾਂ ‘ਤੇ ਕੱਟ ਮਾਰ ਲਏ।ਇਹ ਸਾਰੇ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਹਨ।ਪੁਲਿਸ ਅਨੁਸਾਰ ਇਹ ਇੱਕ ‘ਡੇਅਰ ਗੇਮ’ ਸੀ ਜਿਸ ਵਿੱਚ ਵਿਦਿਆਰਥੀ ਇੱਕ ਦੂਜੇ ਨੂੰ ਚੁਣੌਤੀ ਦੇ ਰਹੇ ਸਨ ਕਿ ਜੇਕਰ ਉਹ ਬਲੇਡ ਨਾਲ ਆਪਣੇ ਆਪ ਨੂੰ ਜ਼ਖਮੀ ਨਹੀਂ ਕਰਨਗੇ ਤਾਂ 10 ਰੁਪਏ ਦੇਣੇ ਪੈਣਗੇ।
ਇਸ ਚੁਣੌਤੀ ਨੂੰ ਪੂਰਾ ਕਰਨ ਲਈ ਇਨ੍ਹਾਂ ਬੱਚਿਆਂ ਨੇ ਆਪਣੇ ਹੱਥਾਂ ‘ਤੇ ਸੱਟਾਂ ਮਾਰੀਆਂ।ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਦੇ ਹੱਥਾਂ ‘ਤੇ ਕੱਟ ਦੇਖੇ ਅਤੇ ਇਸ ਦੀ ਸ਼ਿਕਾਇਤ ਸਕੂਲ ਨੂੰ ਕੀਤੀ।
ਇਸ ਸਬੰਧੀ ਏਐਸਪੀ ਜੈਵੀਰ ਗੜ੍ਹਵੀ ਨੇ ਦੱਸਿਆ ਕਿ ਮੋਟਾ ਮੁੰਜਿਆਸਰ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਪੜ੍ਹਦੇ ਹਨ।ਜਿਸ ਵਿੱਚ 40 ਦੇ ਲਗਭਗ ਵਿਦਿਆਰਥੀਆਂ ਨੇ ਬਲੇਡ ਨਾਲ ਹੱਥ ਜਖ਼ਮੀ ਕਰ ਲਏ।ਬੱਚਿਆਂ ਨੇ ‘truth and dare’ ਗੇਮ ਖੇਡਦੇ ਹੋਏ ਆਪਸ ਵਿੱਚ ਸੱਟਾਂ ਮਾਰ ਕੇ ਅਜਿਹਾ ਕੀਤਾ।
ਉਨ੍ਹਾਂ ਦੀ ਸ਼ਰਤ ਇਹ ਸੀ ਕਿ ਜਿਸ ਨੇ ਹੱਥ ‘ਤੇ ਬਲੇਡ ਨਹੀਂ ਮਾਰਿਆ ਉਸ ਨੂੰ 10 ਰੁਪਏ ਦੇਣੇ ਪੈਣਗੇ। ਬੱਚਿਆਂ ਨੇ ਆਪਣੇ ਪੈਨਸਿਲ ਸ਼ਾਰਪਨਰਾਂ ਨਾਲ ਆਪਣੇ ਹੱਥਾਂ ‘ਤੇ ਕੱਟ ਮਾਰੇ।
ਜਦੋਂ ਹੰਗਾਮਾ ਹੋਇਆ ਤਾਂ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਇਸ ਵਿੱਚ ਮਾਪਿਆਂ ਦਾ ਹੀ ਕਸੂਰ ਹੈ। ਉਹ ਬੱਚਿਆਂ ਨੂੰ ਮੋਬਾਈਲ ਦੇਖਣ ਦਿੰਦੇ ਹਨ। ਉਹ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੰਦੇ ਕਿ ਬੱਚਾ ਕਿਹੜੀ ਗੇਮ ਖੇਡ ਰਿਹਾ ਹੈ ਜਾਂ ਮੋਬਾਈਲ ‘ਤੇ ਕੀ ਦੇਖ ਰਿਹਾ ਹੈ। ਬੱਚਿਆਂ ਨੂੰ ਮੋਬਾਈਲ ਦੀ ਲਤ ਤੋਂ ਮੁਕਤ ਕਰਨ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ, ਅਧਿਆਪਕਾਂ ਦੀ ਨਹੀਂ।
Published on: ਮਾਰਚ 28, 2025 10:41 ਪੂਃ ਦੁਃ