ਮੋਹਾਲੀ: 3 ਮਾਰਚ, ਜਸਵੀਰ ਗੋਸਲ
ਜਨਰਲ ਕੈਟਾਗਰੀਜ ਵੈਲਫੈਅਰ ਫੈਡਰੇਸ਼ਨ ਪੰਜਾਬ (ਰਜਿ:) ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਮੂਹਰੇ 6 ਅਪ੍ਰੈਲ ਨੂੰ ਦਿੱਤਾ ਜਾ ਰਿਹਾ ਰੋਸ ਧਰਨਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਬੀਤੇ ਦਿਨੀ ਅਮਨ ਅਰੋੜਾ ਨੇ ਵਫਦ ਨੂੰ ਮੀਟਿੰਗ ਲਈ ਸੱਦਿਆ ਸੀ । ਜਿਸ ਵਿੱਚ ਫੈਡਰੇਸ਼ਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਐਸ.ਸੀ. ਕਮਿਸ਼ਨ ਅਤੇ ਬੀ.ਸੀ. ਕਮਿਸ਼ਨ ਦੇ ਚੇਅਰਮੈਨ ਲਗਾ ਦਿੱਤੇ ਗਏ ਹਨ । ਪ੍ਰੰਤੂ ਅਜੇ ਤੱਕ ਵੀ ਜਨਰਲ ਕੈਟਾਗਿਰੀ ਕਮਿਸ਼ਨ ਦਾ ਚੇਅਰਮੈਨ ਨਹੀ ਲਗਾਇਆ ਗਿਆ । ਜਿਸ ਕਾਰਨ ਜਨਰਲ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ । ਇਸ ਤੋਂ ਬਿਨਾਂ ਜਨਰਲ ਵਰਗ ਦੇ ਕਾਲਜ ਪੜ੍ਹਦੇ ਵਿਦਿਆਰਥੀਆਂ ਨੂੰ ਮਿਲਣ ਵਾਲਾ ਵਜੀਫਾ ਵੀ ਬੰਦ ਕੀਤਾ ਜਾ ਰਿਹਾ ਹੈ । ਜੋ ਕਿ ਉਹਨਾਂ ਨਾਲ ਬੇਇਨਸਾਫੀ ਹੈ । ਫੈਡਰੇਸ਼ਨ ਨੇ ਮੰਗ ਕੀਤੀ ਕਿ ਇਸ ਵਜੀਫੇ ਦੀ ਰਾਸ਼ੀ ਵਧਾ ਕੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵਜੀਫਾ ਸ਼ੁਰੂ ਕੀਤਾ ਜਾਵੇ । ਇਸ ਤੋਂ ਬਿਨਾਂ ਪਿਛਲੇ ਤਿੰਨ ਦਹਾਕਿਆਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਲੈਕਚਰਾਰਾਂ ਨੂੰ ਤਰੁੰਤ ਪ੍ਰਿੰਸੀਪਲਾਂ ਵਜੋਂ ਤਰੱਕੀਆਂ ਦਿੱਤੀਆਂ ਜਾਣ । ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ 2018 ਦੇ ਸਿੱਖਿਆ ਨਿਯਮਾਂ ਵਿੱਚ ਸੋਧ ਕਰਦੇ ਹੋਏ ਤਰੱਕੀ ਕੋਟਾ 50 ਪ੍ਰਤੀਸ਼ਤ ਤੋਂ ਵਧਾ ਕੇ ਪਹਿਲਾਂ ਵਾਂਗ 75 ਪ੍ਰਤੀਸ਼ਤ ਕਰ ਦਿੱਤਾ ਜਾਵੇ । ਇਹ ਮੀਟਿੰਗ ਸੁਖਾਵੇਂ ਮਾਹੋਲ ਵਿੱਚ ਹੋਈ । ਅਮਨ ਅਰੋੜਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ । ਇਸ ਸਬੰਧੀ ਉਹਨਾਂ ਜਲਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ । ਇਸ ਉਪਰੰਤ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਅਮਨ ਅਰੋੜਾ ਦੇ ਭਰੋਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲ ਦੀ ਘੜੀ 6 ਅਪ੍ਰੈਲ ਵਾਲਾ ਰੋਸ ਧਰਨਾ ਮੁਲਤਵੀ ਕੀਤਾ ਜਾਂਦਾ ਹੈ । ਜੇਕਰ ਜਲਦੀ ਹੀ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਫੈਡਰੇਸ਼ਨ ਵੱਲੋਂ ਸਮੇਂ ਅਨੁਸਾਰ ਅਗਲੇ ਸਘੰਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ । ਇਸ ਵਫਦ ਵਿੱਚ ਸੂਬਾ ਪ੍ਰਧਾਨ ਸੁਖਬੀਰ ਸਿੰਘ, ਸ਼ਿਆਮ ਲਾਲ ਸ਼ਰਮਾ, ਜਸਬੀਰ ਸਿੰਘ ਗੜਾਂਗ,ਸੁਦੇਸ਼ ਕਮਲ ਸ਼ਰਮਾਂ, ਦਿਲਬਾਗ ਸਿੰਘ, ਹਰਪਿੰਦਰ ਸਿੰਘ ਅਤੇ ਕਈ ਹੋਰ ਆਗੂ ਵੀ ਸ਼ਾਮਿਲ ਸਨ ।
Published on: ਅਪ੍ਰੈਲ 3, 2025 1:54 ਬਾਃ ਦੁਃ