ਮਾਲੇਰਕੋਟਲਾ 7 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿੱਚ “ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ” (Punjab is changing with the Punjab Education Revolution) ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਇਤਿਹਾਸਿਕ ਫੈਸਲਾ ਲੈ ਕੇ ਸਿੱਖਿਆ ਦੇ ਖੇਤਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਕੇ ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇ ਮਿਆਰਾਂ ਦੇ ਅਨੁਕੂਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ 29 ਲੱਖ 40 ਹਜਾਰ ਰੁਪਏ ਦੀ ਲਾਗਤ ਨਾਲ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਵਿਖੇ ਨਵੇਂ ਉਸਾਰੇ ਅਤੇ ਨਵੀਨੀਕਰਨ ਕੀਤੇ ਪਖਾਨਿਆਂ ਅਤੇ ਕਮਰਿਆਂ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਮੌਕੇ ਕੀਤਾ । ਇਸ ਮੌਕੇ ਹਲਕਾ ਕੁਆਡੀਨੇਟਰ ਜਾਫ਼ਰ ਅਲੀ ਅਤੇ ਬਲਾਕ ਕੋਆਰਡੀਨੇਟਰ ਸ਼ਬੀਰ ਮੁਹੰਮਦ ,ਐਸ.ਡੀ.ਐਮ.ਮਾਲੇਰਕੋਟਲਾ ਹਰਬੰਸ ਸਿੰਘ, ਫਰਿਆਲ ਰਹਿਮਾਨ (ਸਰੀਕੇ ਹਯਾਤ ਵਿਧਾਇਕ ਮਾਲੇਰਕੋਟਲਾ) ਮੁਹੰਮਲ ਹਲੀਮ,ਸਾਬਰ ਅਲੀ ਰਤਨ,ਜਮੀਲ ਮੁਹੰਮਦ ਨਾਲ ਮੌਜੂਦ ਸਨ ।
“ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ” ਮੁਹਿੰਮ ਤਹਿਤ ਜ਼ਿਲ੍ਹੇ ਦੇ 162 ਪ੍ਰਾਇਮਰੀ ਅਤੇ ਹਾਈ ਸਕੂਲਾਂ ਦੇ ਬੁਨਿਆਂਦੀ ਢਾਂਚੇ ਦੀ ਨੁਹਾਰ ਬਦਲਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਆਮ ਘਰ ਦੇ ਵਿਦਿਆਰਥੀਆਂ ਨੂੰ ਉੱਚ ਮਿਆਰ ਦਾ ਸਿੱਖਿਆ ਦਾ ਮਾਹੋਲ ਮਿਲ ਸਕੇ । ਉਨ੍ਹਾਂ ਹੋਰ ਦੱਸਿਆ ਕਿ ਇਸ ਮੁਹਿੰਮ ਤਹਿਤ ਹਲਕਾ ਮਾਲੇਰਕੋਟਲਾ ਦੇ 64 ਸਕੂਲ ਅਤੇ ਹਲਕਾ ਅਮਰਗੜ੍ਹ ਦੇ 98 ਪ੍ਰਾਇਮਰੀ ਅਤੇ ਹਾਈ ਸਕੂਲ ਸ਼ਾਮਿਲ ਹਨ ।
ਵਿਧਾਇਕ ਮਾਲੇਰਕੋਟਲਾ ਡਾ. ਰਹਿਮਾਨ ਨੇ ਦੱਸਿਆ ਕਿ ਸਰਕਾਰੀ ਪ੍ਰਾਈਮਰੀ ਸਕੂਲ ਜਮਾਲਪੁਰਾ ਵਿਖੇ 26 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਕਮਰੇ ਅਤੇ ਤਿੰਨ ਕਮਰਿਆਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਸਰਕਾਰੀ ਹਾਈ ਸਕੂਲ ਜਮਾਲਪੁਰਾ ਵਿਖੇ ਵੀ 3 ਲੱਖ 40 ਹਜਾਰ ਰੁਪਏ ਦੀ ਲਾਗਤ ਨਾਲ ਕਮਰਿਆਂ ਅਤੇ ਪਖਾਨਿਆਂ ਦਾ ਨਵੀਨੀਕਰਨ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਵਿਲੱਖਣ ਬਦਲਾਅ ਆ ਰਹੇ ਹਨ। ਸਰਕਾਰੀ ਸਕੂਲਾਂ ਦੀ ਨੁਹਾਰ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਉਨ੍ਹਾਂ ਨੂੰ ਨਵੇਂ ਯੁੱਗ ਦੇ ਤਕਨੀਕੀ ਅਤੇ ਬੁਨਿਆਦੀ ਢਾਂਚਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ
ਡਾ. ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਤੇ ਯੋਗ ਬਣਾਉਣਾ ਹੈ ਤਾਂ ਜੋ ਆਮ ਘਰਾਂ ਦੇ ਬੱਚਿਆਂ ਨੂੰ ਵੀ ਉੱਚ ਮਿਆਰੀ ਸਿੱਖਿਆ ਆਪਣੀ ਰਿਹਾਇਸ਼ ਨੇੜੇ ਹੀ ਮਿਲ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਲੇਰਕੋਟਲਾ ਹਲਕੇ ਵਿੱਚ ਬਹੁਤ ਸਾਰੇ ਸਕੂਲਾਂ ਦੀ ਨਵੀਨੀਕਰਨ ਪ੍ਰਕਿਰਿਆ ਜਾਰੀ ਹੈ ਅਤੇ ਹਰ ਸਕੂਲ ਨੂੰ ਆਧੁਨਿਕ ਸੁਵਿਧਾਵਾਂ ਨਾਲ ਸੰਵਾਰਿਆ ਜਾਵੇਗਾ । ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਲਈ 12 ਫੀਸਦੀ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਿੱਖਿਆ ਵਿੱਚ ਉੱਤਮਤਾ ਲਈ ਸਿੱਖਿਆ ਵਿਭਾਗ ਦੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਅਤੇ ਅਧਿਆਪਕਾਂ ਨੂੰ ਪ੍ਰਿੰਸੀਪਲਜ਼ ਅਕੈਡਮੀ, ਸਿੰਗਾਪੁਰ; ਨੈਸ਼ਨਲ ਇੰਸਟੀਚਿਊਟ ਆੱਫ ਐਜੁਕੇਸ਼ਨ (NIE) ਇੰਟਰਨੈਸ਼ਨਲ, ਸਿੰਗਾਪੁਰ ਦੀ ਤੁਰਕੂ ਯੂਨੀਵਰਸਿਟੀ, ਫਿਨਲੈਂਡ ਅਤੇ ਇੰਡੀਅਨ ਇੰਸਟੀਚਿਊਟ ਆੱਫ ਮੈਨੇਜਮੈਂਟ (IIM) ਅਹਿਮਦਾਬਾਦ ਵਰਗੀਆਂ ਸੰਸਥਾਵਾਂ ਵਿਚ ਭੇਜਿਆ ਗਿਆ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸਕੂਲ ਆਫ ਐਮੀਨੈਂਸ,ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ, 58 ਹਜਾਰ ਤੋਂ ਵੱਧ ਨੌਕਰੀਆਂ,ਨਹਿਰੀ ਪਾਣੀ,ਮੁਹੱਲਾ ਕਲੀਨਿਕਾਂ,ਟੋਲ ਪਲਾਜਿਆਂ,ਸੜਕ ਸੁਰੱਖਿਆ ਫੋਰਸ ਆਦਿ ਸੰਬੰਧੀ ਵਿਚਾਰ ਸਾਂਝੇ ਕੀਤੇ ।
ਸਕੂਲ ਵਿੱਚ ਪੜ੍ਹਦੀ ਵਿਦਿਆਰਥਣ ਦੀ ਮਾਤਾ ਸਲਮਾ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿੱਚ ਹੋਏ ਇਨ੍ਹਾਂ ਵਿਕਾਸ ਕਾਰਜਾਂ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਤੌਰ ‘ਤੇ ਬਿਹਤਰ ਮਾਹੌਲ ਸਿਰਜਕੇ ਸਰਕਾਰੀ ਸਕੂਲਾਂ ਦੇ ਖੇਤਰ ਵਿੱਚ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ, ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਮਨੋਬਲ ਹੋਰ ਉੱਚਾ ਹੋਵੇਗਾ ਅਤੇ ਇਸ ਦੇ ਬਿਹਤਰ ਨਤੀਜੇ ਭਵਿੱਖ ਵਿੱਚ ਅੱਗੇ ਆਉਂਣਗੇ । ਪਖਾਨਿਆਂ ਅਤੇ ਕਮਰਿਆਂ ਦੀ ਨਵੀਨੀਕਰਨ ਨਾਲ ਨਾ ਸਿਰਫ਼ ਸਕੂਲ ਦੀ ਸਫਾਈ ਅਤੇ ਸੁਵਿਧਾ ਵਿਚ ਵਾਧਾ ਹੋਇਆ ਹੈ, ਸਗੋਂ ਬੱਚਿਆਂ ਦੀ ਪੜ੍ਹਾਈ ‘ਚ ਸਾਫ ਸੁਥਰੇ ਮਾਹੋਲ ਕਰਕੇ ਹੋਰ ਰੁਚੀ ਵੀ ਵਧੇਗੀ । ਉਨ੍ਹਾਂ ਇਸ ਮੌਕੇ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਵਾਂ ਦਾ ਜਿਕਰ ਕਰਦਿਆ ਤਸੱਲੀ ਦਾ ਪ੍ਰਗਟਾਵਾ ਕੀਤਾ ।
ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਹੰਮਦ ਖ਼ਲੀਲ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਜਾ ਰਹੇ ਸੁਧਾਰਾਂ ਨਾਲ ਵਿਦਿਆਰਥੀਆਂ ਲਈ ਸੁਖਮ, ਸੁਰੱਖਿਅਤ ਅਤੇ ਉਤਸ਼ਾਹਜਨਕ ਮਾਹੌਲ ਉਤਪੰਨ ਹੋ ਰਿਹਾ ਹੈ, ਜੋ ਉਨ੍ਹਾਂ ਦੀ ਸ਼ਖਸੀਅਤ ਵਿਕਾਸ ਅਤੇ ਅਧਿਐਨ ਵਿੱਚ ਨਵੀ ਦਿਸ਼ਾ ਦਰਸਾਵੇਗਾ।
ਹਲਕਾ ਕੁਆਡੀਨੇਟਰ ਜਾਫ਼ਰ ਅਲੀ ਨੇ ਕਿਹਾ ਕਿ ਜਿਵੇਂ-ਜਿਵੇਂ ਇਹ ਮੁਹਿੰਮ ਅੱਗੇ ਵਧੇਗੀ, ਸਿੱਖਿਆ ਖੇਤਰ ਵਿੱਚ ਇੱਕ ਨਵਾਂ ਦੌਰ ਆਵੇਗਾ, ਜਿਸ ਵਿੱਚ ਸਰਕਾਰੀ ਸਕੂਲਾਂ ਦੀ ਚਮਕ ਨਵੇਂ ਆਕਾਸ਼ ਨੂੰ ਛੂਹੇਗੀ। ਉਨ੍ਹਾਂ ਆਸ ਜਤਾਈ ਕਿ ਇਹ ਇਨਕਲਾਬੀ ਕਦਮ ਪੰਜਾਬ ਦੇ ਹਰੇਕ ਕੋਨੇ ਤੱਕ ਪਹੁੰਚੇਗਾ।
ਸਿੱਖਿਆ ਕੁਆਡੀਨੇਟਰ ਮੁਹੰਮਦ ਸਬੀਰ ਅਤੇ ਸਾਬਕਾ ਵਿਦਿਆਰਥੀਆਂ ਮੁਹੰਮਦ ਇਲਲਿਆਸ ਨੇ ਆਪਣਾ ਸਮਾਂ ਯਾਦ ਕਰਦਿਆਂ ਕਿਹਾ ਕਿ ਜਦੋਂ ਉਹ ਪੜ੍ਹਦੇ ਸਨ ਤਾਂ ਉਨ੍ਹਾਂ ਨੂੰ ਬੈਠਣ ਲਈ ਮੈਟ ਆਦਿ ਵੀ ਘਰੋਂ ਲੈ ਕੇ ਆਉਂਣੇ ਪੈਂਦੇ ਸਨ ਪਰ ਮੌਜ਼ੂਦਾ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੇ ਬੱਚੇ ਵੀ ਇਸੇ ਸਕੂਲ ਦੇ ਵਿਦਿਆਰਥੀ ਹਨ । ਉਨ੍ਹਾਂ ਕਿਹਾ ਕਿ ਸਾਨੂੰ ਹੁਣ ਪ੍ਰਾਇਵੇਟ ਤੇ ਸਰਕਾਰੀ ਸਕੂਲ ਵਿੱਚ ਕੋਈ ਫਰਕ ਮਹਿਸੂਸ ਨਹੀਂ ਹੋ ਰਿਹਾ ਉਹ ਵਿਦਿਅਕ ਢਾਂਚਾ ਹੋਵੇ ਜਾਂ ਬੁਨਿਆਦੀ ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਕਮਲੇਸ਼, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਮੁਹੰਮਦ ਅਸਦ ਅਹਿਸਾਨ, ਬਲਾਕ ਮਾਲੇਰਕੋਟਲਾ ਦੇ ਬਲਾਕ ਨੋਡਲ ਅਫਸਰ ਮੁਹੰਮਦ ਅਸਗਰ, ਬੀ.ਪੀ.ਓ.ਸ਼੍ਰੀ ਸਹੋਣ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ,ਸਲੀਮ ਜੁਬੇਰੀ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਮੁੱਖੀ ਤੇ ਅਧਿਆਪਕ ਹਾਜ਼ਰ ਸਨ ।
Published on: ਅਪ੍ਰੈਲ 7, 2025 3:23 ਬਾਃ ਦੁਃ