ਮੋਹਾਲੀ, 8 ਅਪਰੈਲ: ਦੇਸ਼ ਕਲਿੱਕ ਬਿਓਰੋ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਧਿਆਪਕਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ “ਸਿੱਖਿਆ ਕ੍ਰਾਂਤੀ” ਦੇ ਨਾਂ ‘ਤੇ ਕਰਵਾਏ ਗਏ ਇੱਕ ਸਮਾਗਮ ਵਿੱਚ ਅਧਿਆਪਕਾਂ ਨਾਲ ਕੀਤੇ ਗਏ ਅਭੱਦਰ ਵਿਵਹਾਰ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਜੋ ਅਧਿਆਪਕ ਰੋਜ਼ਾਨਾ ਮਿਹਨਤ ਕਰਕੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਸਹੀ ਰਸਤਾ ਦਿਖਾ ਰਹੇ ਹਨ ਅਤੇ ਉਹਨਾਂ ਦਾ ਭਵਿੱਖ ਰੋਸ਼ਨ ਕਰਨ ਲਈ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਵੱਲੋਂ ਜਨਤਕ ਤੌਰ ‘ਤੇ ਬੇਇੱਜਤ ਕੀਤਾ ਗਿਆ।
ਉਹਨਾਂ ਦਾਅਵਾ ਕੀਤਾ ਕਿ ਸਮਾਗਮ ਦੌਰਾਨ ਵਿਧਾਇਕ ਨੇ ਸਟੇਜ ਤੋਂ ਮਾਈਕ ‘ਤੇ ਬੋਲਦੇ ਹੋਏ ਨਾ ਸਿਰਫ ਬੱਚਿਆਂ ਨੂੰ ਡਾਂਟਿਆ, ਬਲਕਿ ਅਧਿਆਪਕਾਂ ਨੂੰ ਵੀ ਬਹੁਤ ਹੀ ਅਪਮਾਨਜਨਕ ਸ਼ਬਦਾਂ ਵਿੱਚ ਫਟਕਾਰਿਆ। ਵਿਧਾਇਕ ਦੇ ਸ਼ਬਦ “ਤੁਸੀਂ ਕੀ ਪੜ੍ਹਾਉਂਦੇ ਹੋਵੋਗੇ?”, “ਸਾਰੇ ਅਧਿਆਪਕਾਂ ਦੀ ਸ਼ਿਕਾਇਤ ਅੱਜ ਹੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਭੇਜਾਂਗਾ” ਵਰਗੇ ਬਿਆਨ ਨਾ ਸਿਰਫ ਬੇਲੋੜੀਂਦੇ ਸਨ, ਸਗੋਂ ਸਾਰੇ ਸਿੱਖਿਆ ਤੰਤਰ ਦੀ ਬੇਇਜ਼ਤੀ ਹਨ।
ਡਿਪਟੀ ਮੇਅਰ ਬੇਦੀ ਨੇ ਮੰਗ ਕੀਤੀ ਕਿ ਵਿਧਾਇਕ ਚੇਤਨ ਸਿੰਘ ਜੋੜੇ ਮਾਜਰਾ ਨੂੰ ਆਪਣੇ ਘਟੀਆ ਅਤੇ ਅਸੰਵੇਦਨਸ਼ੀਲ ਵਿਵਹਾਰ ਲਈ ਜਨਤਕ ਤੌਰ ‘ਤੇ ਅਧਿਆਪਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦੀ ਬੇਇਜ਼ਤੀ, ਸਾਰੇ ਸਮਾਜ ਦੇ ਮਾਣ ਨੂੰ ਠੇਸ ਪਹੁੰਚਾਉਂਦੀ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਮਾਗਮ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਮੰਤਰੀ ਦੇ ਵਿਵਹਾਰ ਨੂੰ ਸਾਫ਼ ਦੇਖਿਆ ਤੇ ਸੁਣਿਆ ਜਾ ਸਕਦਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਵਿਧਾਇਕ ਦਾ ਪੁਰਾਣਾ ਰਿਕਾਰਡ ਵੀ ਇਹੀ ਰਿਹਾ ਹੈ ਕਿ ਆਪਣੇ ਵਿਭਾਗਾਂ ਅਧੀਨ ਅਧਿਕਾਰੀਆਂ ਦੀ ਇਹ ਸਰੇਆਮ ਬੇਇਜ਼ਤੀ ਕਰਦਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸ ਵਿਧਾਇਕ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤਾ ਜਾਵੇ।
Published on: ਅਪ੍ਰੈਲ 8, 2025 5:58 ਬਾਃ ਦੁਃ