ਲੁਧਿਆਣਾ, 12 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਬੀਤੀ ਰਾਤ ‘ਆਪਰੇਸ਼ਨ ਸਤਰਕ’ ਤਹਿਤ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ 12 ਥਾਵਾਂ ‘ਤੇ ਵਿਸ਼ੇਸ਼ ਨਾਕੇਬੰਦੀ ਕੀਤੀ। ਨਾਕਾਬੰਦੀ ਦੌਰਾਨ ਹਰ ਲੰਘਣ ਵਾਲੇ ਵਾਹਨ ਚਾਲਕਾਂ ਦੀ ਤਲਾਸ਼ੀ ਲਈ ਗਈ। ਪੁਲੀਸ ਨੇ ਵਿਸ਼ੇਸ਼ ਤੌਰ ’ਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਇਹ ਚੈਕਿੰਗ ਮੁਹਿੰਮ ਸਵੇਰੇ 4 ਵਜੇ ਤੱਕ ਸ਼ਹਿਰ ਵਿੱਚ ਜਾਰੀ ਰਹੀ। ਬੀਤੀ ਰਾਤ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਖ਼ੁਦ ਸੜਕਾਂ ਦੀ ਚੈਕਿੰਗ ਕਰਦੇ ਨਜ਼ਰ ਆਏ।
ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ‘ਆਪਰੇਸ਼ਨ ਸਤਰਕ’ ਤਹਿਤ ਵਿਸ਼ੇਸ਼ ਜਾਂਚ ਮੁਹਿੰਮ ਚਲਾਈ। ਏਡੀਜੀਪੀ (ਟ੍ਰੈਫਿਕ) ਏਐਸ ਰਾਏ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਲ ਲੁਧਿਆਣਾ ਵਿੱਚ ਇਸ ਮੁਹਿੰਮ ਦੀ ਅਗਵਾਈ ਕੀਤੀ। ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਾਰੇ ਸੀਨੀਅਰ ਅਧਿਕਾਰੀ ਚੈਕਿੰਗ ਡਿਊਟੀ ‘ਤੇ ਸੜਕਾਂ ‘ਤੇ ਹਨ। ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਲੁਧਿਆਣਾ ‘ਚ ਸ਼ਹਿਰ ‘ਚ ਕੁੱਲ 12 ਨਾਕੇ ਲਗਾਏ ਗਏ ਹਨ।
ਇੱਕ ਖੋਹੀ ਗਈ ਸਕਾਰਪੀਓ ਵੀ ਬਰਾਮਦ ਕੀਤੀ ਗਈ ਹੈ, ਜਿਸ ਸਬੰਧੀ ਪੁਲਿਸ ਕਮਿਸ਼ਨਰ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਦੇਣਗੇ। ਸੀਨੀਅਰ ਅਧਿਕਾਰੀਆਂ ਸਮੇਤ 240 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਜਾਂਚ ਕੀਤੀ। ਸਾਰੇ ਵਾਹਨਾਂ ਦੀ ਸਕੈਨਿੰਗ ਕੀਤੀ ਗਈ।
Published on: ਅਪ੍ਰੈਲ 12, 2025 7:04 ਪੂਃ ਦੁਃ