ਮਲੋਟ, 14 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਸਿੱਖਿਆ ਸ਼ੇਰਨੀ ਦਾ ਐਸਾ ਦੁੱਧ ਹੈ ਜੋ ਪੀਵੇਗਾ ਉਹ ਦਹਾੜੇਗਾ। ਡਾ ਭੀਮ ਰਾਓ ਅੰਬੇਦਕਰ ਦੇ ਇਸ ਵਿਚਾਰ ਨੂੰ ਦੁਹਰਾਉਂਦਿਆਂ ਇਸ ਗੱਲ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਦਕਰ ਨੂੰ ਉਨ੍ਹਾਂ ਦੇ 134 ਵੇਂ ਜਨਮਦਿਨ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ‘ਚ ਸ਼ਰਧਾਂਜਲੀ ਦਿੰਦਿਆਂ ਕੀਤਾ। ਇਹ ਸਮਾਗਮ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਸ਼੍ਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਡਾ. ਅੰਬੇਦਕਰ ਜੀ ਦੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਕੰਮ ਨਿਰੰਤਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਾਲ 2024-25 ਦੌਰਾਨ ਸਾਲ 2023-24 ਦੇ 1,20,725 ਵਿਦਿਆਰਥੀਆਂ ਲਈ 95.24 ਕਰੋੜ ਰੁਪਏ ਅਤੇ ਸਾਲ 2024-25 ਦੇ 2,22,762 ਵਿਦਿਆਰਥੀਆਂ ਲਈ 242.00 ਕਰੋੜ ਰੁਪਏ ਅਤੇ ਸਾਲ 2017-18 ਤੋਂ 2019-20 ਤੱਕ ਦੀ ਬਕਾਇਆ ਰਹਿੰਦੀ ਰਾਸ਼ੀ ਲਈ ਰਾਜ ਸਰਕਾਰ ਵੱਲੋ 92.00 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ।
ਇਸ ਤਰ੍ਹਾਂ ਇਸ ਸਕੀਮ ਤਹਿਤ ਕੁੱਲ 429.24 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਹੋਰਨਾਂ ਪੱਛੜੀ ਸ਼੍ਰੇਣੀਆਂ ਵਾਲੀਆਂ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਭਾਰਤ ਸਰਕਾਰ ਵੱਲੋਂ ਸਾਲ 2022-23 ਤੋਂ ਪੀ ਐਮ ਯਸ਼ਸਵੀ ਤਹਿਤ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਯੋਗਦਾਨ 60:40 ਵਜੋਂ ਲਾਗੂ ਕੀਤੀ ਗਈ ਹੈ ਅਤੇ ਇਸ ਨੂੰ ਪੰਜਾਬ ਰਾਜ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਸਾਲ 2024-25 ਦੇ 7,820 ਵਿਦਿਆਰਥੀਆਂ ਲਈ 1.99 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੇ ਪਹਿਲੀ ਤੋਂ ਦਸਵੀ ਜਮਾਤ ਵਿੱਚ ਪੜਨ ਵਾਲੇ ਵਿਦਿਆਰਥੀਆਂ ਲਈ ਮੁਫਤ ਪਾਠ ਪੁਸਤਕਾਂ ਦੀ ਸਪਲਾਈ ਸਕੀਮ ਤਹਿਤ ਸਾਲ 2024-25 ਦੌਰਾਨ 39.68 ਕਰੋੜ ਰੁਪਏ ਦੀ ਅਦਾਇਗੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕੀਤੀ ਗਈ ਹੈ। ਨਾਲ ਹੀ ਸਾਲ 2024-25 ਦੌਰਾਨ ਆਈ.ਟੀ.ਆਈ ‘ਚ ਨਵੇਂ ਕਿੱਤਾ ਮੁਖੀ ਕੋਰਸ ਸਕੀਮ ਅਧੀਨ 616 ਵਿਦਿਆਰਥੀਆਂ ਨੂੰ 111.05 ਲੱਖ ਰੁਪਏ ਸਕਾਲਰਸ਼ਿਪ ਦੀ ਰਾਸ਼ੀ ਦਾ ਲਾਭ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸਾਲ 2024-25 ਦੌਰਾਨ ਜ਼ਿਲ੍ਹਾ ਤਰਨਤਾਰਨ ਵਿਖੇ ਡਾ.ਬੀ.ਆਰ ਅੰਬੇਦਕਰ ਭਵਨ ਦੀ ਉਸਾਰੀ ਕਰਨ ਲਈ 593.69 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਜਿਸ ਵਿੱਚੋਂ 60.00 ਲੱਖ ਰੁਪਏ ਦੀ ਰਾਸ਼ੀ ਨਾਲ ਕੰਮ ਦੀ ਸੁਰੂਆਤ ਕਰ ਦਿੱਤੀ ਗਈ ਹੈ।
ਪੰਜਾਬ ਰਾਜ ਦੇ 13 ਜ਼ਿਲਿਆਂ ਵਿੱਚ ਡਾ.ਬੀ.ਆਰ ਅੰਬੇਦਕਰ ਭਵਨਾਂ ਦੀ ਰਿਪੇਅਰ ਲਈ 570.76 ਲੱਖ ਰੁਪਏ ਦੀ ਰਾਸ਼ੀ ਮੁੱਖ ਇੰਜੀਨੀਅਰ (ਪੀ.ਡਬਲਯੂ.ਡੀ) ਨੂੰ ਟਰਾਂਸਫਰ ਕੀਤੀ ਗਈ ਹੈ ਜਿਸ ਵਿੱਚੋਂ ਸਾਲ 2024-25 ਦੌਰਾਨ ਲੱਗਭਗ 130.92 ਲੱਖ ਰੁਪਏ ਨਾਲ ਭਵਨ ਦੀ ਰਿਪੇਅਰ ਦਾ ਕੰਮ ਕਰਵਾਇਆ ਗਿਆ ਹੈ।
ਸਾਲ 2024-25 ਦੌਰਾਨ ਪੰਜਾਬ ਅਨੁਸੂਚਿਤ ਜਾਤੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਸੈਲਫ ਇੰਪਲਾਈਮੈਂਟ ਸਕੀਮਾਂ ਅਧੀਨ 522 ਲਾਭਪਾਤਰੀਆਂ ਨੂੰ 9.13 ਕਰੋੜ ਰੁਪਏ ਦੇ ਕਰਜੇ ਸਮੇਤ ਸਬਸਿਡੀ ਦੀ ਰਕਮ ਵੰਡੀ ਗਈ।
ਸਾਲ 2024-25 ਦੌਰਾਨ ਪੰਜਾਬ ਪੱਛੜੀਆਂ ਸ਼੍ਰੇਣੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਲਈ ਵੱਖ-ਵੱਖ ਸਕੀਮਾਂ ਅਧੀਨ 1141 ਲਾਭਪਾਤਰੀਆਂ ਲਈ 5.00 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।
ਸਾਲ 2024-25 ਦੌਰਾਨ ਗੈਰ ਸਰਕਾਰੀ ਸੰਸਥਾਵਾਂ ਨੂੰ ਸਹਾਇਤਾ ਦੇਣ ਦੀ ਸਕੀਮ ਤਹਿਤ 08 ਗੈਰ ਸਰਕਾਰੀ ਸੰਸਥਾਵਾਂ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਅਤੇ ਬਠਿੰਡਾ) ਜੋ ਵੱਖ ਵੱਖ ਟਰੇਡਾਂ ਵਿੱਚ ਜਿਵੇਂ ਕਿ ਕੰਪਿਊਟਰ ਟਰੇਨਿੰਗ, ਕਟਿੰਗ/ਟੇਲਰਿੰਗ ਅਤੇ ਹੋਰ ਵੋਕੇਸ਼ਨ ਟ੍ਰੇਨਿੰਗ ਦਿੰਦੀਆਂ ਹਨ, ਨੂੰ 80 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਲਈ ਚਲਾਈ ਜਾ ਰਹੀ ਡਾ. ਅੰਬੇਦਕਰ ਸਕਾਲਰਸ਼ਿਪ ਸਬੰਧੀ ਨੁਕੱੜ ਨਾਟਕ ਪੇਸ਼ ਕੀਤਾ।
ਇਸ ਮੌਕੇ ਚੇਅਰਮੈਨ ਸਹਿਕਾਰਤਾ ਪੰਜਾਬ ਸ਼੍ਰੀ ਜਗਦੇਵ ਸਿੰਘ ਬਾਮ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾਬੰਦੀ ਬੋਰਡ, ਸ਼੍ਰੀ ਜਸ਼ਨ ਬਰਾੜ ਮਾਰਕਿਟ ਕਮੇਟੀ ਚੇਅਰਮੈਨ ਮਲੋਟ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਪ੍ਰੀਤ ਸਿੰਘ ਥਿੰਦ, ਉੱਪ ਮੰਡਲ ਮੈਜਿਸਟਰੇਟ ਮਲੋਟ ਡਾ. ਸੰਜੀਵ ਕੁਮਾਰ ਸ਼ਰਮਾ, ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ, ਕਾਲਜ ਮੈਨੇਜਮੈਂਟ ਦੇ ਚੇਅਰਮੈਨ ਸ਼੍ਰੀ ਰਜਿੰਦਰ ਸਿੰਘ ਸੰਧੂ, ਜ਼ਿਲ੍ਹਾ ਭਲਾਈ ਅਫਸਰ ਸ਼੍ਰੀ ਜਗਮੋਹਨ ਸਿੰਘ, ਸ੍ਰੀ ਜਗਦੀਸ਼ ਸਿੰਘ ਧੋਸੀਵਾਲ, ਸ. ਰਸ਼ਪਾਲ ਸਿੰਘ ਖੁੱਡੀਆਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਸ. ਗੁਰਬਾਜ ਸਿੰਘ ਵਣਵਾਲਾ, ਸ. ਬਲਰਾਜ ਸਿੰਘ ਮਾਹੂਆਣਾ, ਸ੍ਰੀ ਗਗਨ ਔਲਖ, ਸ. ਪਰਮਜੀਤ ਸਿੰਘ ਤੋਂ ਇਲਾਵਾ ਕਾਲਜ ਦੇ ਸਟਾਫ, ਵਿਦਿਆਰਥੀ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ।
Published on: ਅਪ੍ਰੈਲ 14, 2025 5:05 ਬਾਃ ਦੁਃ