ਲਾਲੜੂ (ਮੋਹਾਲੀ), 15 ਅਪ੍ਰੈਲ, 2025: ਦੇਸ਼ ਕਲਿੱਕ ਬਿਓਰੋ
ਵਿਧਾਇਕ ਡੇਰਾਬੱਸੀ, ਕੁਲਜੀਤ ਸਿੰਘ ਰੰਧਾਵਾ ਨੇ ਸਰਕਾਰੀ ਸਕੂਲਾਂ ਨੂੰ ਅਤਿ-ਆਧੁਨਿਕ ਵਿਦਿਅਕ ਸੰਸਥਾਵਾਂ ਵਿੱਚ ਬਦਲਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੀ ਗੁਣਵੱਤਾ ਦੋਵਾਂ ਨੂੰ ਵਧਾਉਣ ‘ਤੇ ਕੇਂਦ੍ਰਿਤ ਹੈ।
ਮੰਗਲਵਾਰ ਨੂੰ ਲਾਲੜੂ ਖੇਤਰ ਦੇ ਪੰਜ ਸਰਕਾਰੀ ਸਕੂਲਾਂ ਵਿੱਚ ਨਵੇਂ ਮੁਕੰਮਲ ਹੋਏ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕਰਦੇ ਹੋਏ, ਵਿਧਾਇਕ ਰੰਧਾਵਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੇ ਤਿੰਨ ਸਾਲਾਂ ਵਿੱਚ, ਪੰਜਾਬ ਸਰਕਾਰ ਨੇ ਵਿਦਿਆਰਥੀ-ਅਨੁਕੂਲ ਸਿੱਖਣ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ 12,000 ਸਰਕਾਰੀ ਸਕੂਲਾਂ ਵਿੱਚ ਨਵੀਨੀਕਰਨ ਅਤੇ ਉਸਾਰੀ ‘ਤੇ 2000 ਕਰੋੜ ਰੁਪਏ ਦਾ ਖਰਚ ਕੀਤਾ ਹੈ।
ਅੱਜ ਲਾਲੜੂ ਖੇਤਰ ਵਿੱਚ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਦੀ ਕੁੱਲ ਲਾਗਤ 34,67,100 ਰੁਪਏ ਹੈ ਅਤੇ ਇਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਬਟੌਲੀ ਵਿਖੇ ਚਾਰਦੀਵਾਰੀ ਦੀ ਉਸਾਰੀ ਅਤੇ ਕਲਾਸਰੂਮਜ਼ ਦੀ ਮੁਰੰਮਤ ਲਈ 4.46 ਲੱਖ ਰੁਪਏ, ਸਰਕਾਰੀ ਮਿਡਲ ਸਕੂਲ, ਬਟੌਲੀ ਵਿਖੇ ਚਾਰਦੀਵਾਰੀ ਦੀ ਉਸਾਰੀ ਲਈ 1 ਲੱਖ ਰੁਪਏ ਤੇ ਕਲਾਸਰੂਮਜ਼ ਦੀ ਮੁਰੰਮਤ ਤੇ 8,39,100 ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ, ਜੜੌਤ , ਵਿਖ ਨਵੇਂ ਕਲਾਸਰੂਮਾਂ ਲਈ 15.02 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ, ਕੁਰਲੀ ਵਿਖੇ ਚਾਰਦੀਵਾਰੀ ਦੀ ਉਸਾਰੀ ਲਈ 2 ਲੱਖ ਰੁਪਏ ਤੇ ਸਰਕਾਰੀ ਮਿਡਲ ਸਕੂਲ, ਕੁਰਲੀ ਵਿਖੇ ਚਾਰਦੀਵਾਰੀ ਲਈ 3.80 ਲੱਖ ਰੁਪਏ ਦੇ ਕਾਰਜ ਸ਼ਾਮਲ ਹਨ।
ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਅਤੇ ਮੋਹਤਬਰ ਲੋਕ, ਸਿੱਖਿਆ ਇੰਚਾਰਜ ਗੁਰਪ੍ਰੀਤ ਵਿਰਕ ਮੌਜੂਦ ਸਨ।
Published on: ਅਪ੍ਰੈਲ 15, 2025 5:40 ਬਾਃ ਦੁਃ