ਐਸ.ਏ.ਐਸ. ਨਗਰ, 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਅਤੇ ਪੰਜਾਬੀ ਭਾਸ਼ਾ ਦੇ ਨਿੱਗਰ ਵਿਕਾਸ ਲਈ ਕੀਤੇ ਦਾ ਰਹੇ ਅਣਥੱਕ ਯਤਨਾਂ ਨਾਲ ਹਮਕਦਮ ਹੁੰਦਿਆਂ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਨਿਵੇਕਲੀ ਪਹਿਲ ਵਜੋਂ, ਸਮਾਜ ਦੇ ਆਮ ਵਰਤਾਰੇ ਵਿੱਚੋਂ ਪੰਜਾਬੀ ਬੋਲੀ ਦੀ ਮਿਠਾਸ ਅਤੇ ਪੰਜਾਬੀਆਂ ਦੀਆਂ ਨੈਤਿਕ ਕਦਰਾਂ – ਕੀਮਤਾਂ ਦੀ ਪੁਨਰ-ਸੁਰਜੀਤੀ ਲਈ ਉਪਰਾਲੇ ਅਰੰਭੇ ਹਨ । ਇਸੇ ਦਿਸ਼ਾ ਵਿੱਚ ਇੱਕ ਵਿਚਾਰ – ਚਰਚਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਕਰਵਾਈ ਗਈ ਜਿਸ ਦੌਰਾਨ ਹੋਰ ਸੰਚਾਰ ਮਾਧਿਅਮਾਂ ਦੇ ਨਾਲ -ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਪੰਜਾਬੀ ਵਿਦਿਆਰਥੀਆਂ ਤੇ ਨੌਜਵਾਨੀ ਵਿੱਚ ਸ਼ਾਨਾਂ-ਮੱਤੇ ਇਤਿਹਾਸ ਅਤੇ ਸਭਿਆਚਾਰ ਤੋਂ ਪ੍ਰੇਰਣਾ ਲੈ ਕੇ ਕਿਰਦਾਰਾਂ ਦੀ ਨਵ-ਉਸਾਰੀ ਕੀਤੇ ਜਾਣ ਦੀ ਲੋੜ ਦਾ ਵਿਚਾਰ ਉਭਰਕੇ ਸਾਹਮਣੇ ਆਇਆ । ਇਸ ਪਹਿਲ ਦੇ ਰਹਿਨੁਮਾ ਤੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐੱਸ (ਰਿਟਾ.) ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂਆਂ-ਪੀਰਾਂ ਦੀ ਵਰੋਸਾਈ ਇਸ ਧਰਤ ਦੀ ਮਾਖਿਓਂ ਮਿੱਠੀ ਬੋਲੀ ਵਿੱਚ ਅੱਪ-ਭਾਸ਼ਾ ਦਾ ਰਲੇਵਾਂ ਸਾਨੂੰ ਇਸ ਪਾਸੇ ਸੁਧਾਰ ਕਰਨ ਵੱਲ ਨਿੱਗਰ ਕਦਮ ਪੁੱਟਣ ਲਈ ਮਜਬੂਰ ਕਰਦਾ ਹੈ । ਉਨ੍ਹਾਂ ਕਿਹਾ ਕਿ ਸਾਡੇ ਵੱਡ-ਵਡੇਰਿਆਂ ਵੱਲੋਂ ਕਾਇਮ ਕੀਤੇ ਗਏ ਸਭਿਆਚਾਰ ਅਤੇ ਇਖ਼ਲਾਕ ਪੰਜਾਬ ਦੇ ਸਦੀਵੀ ਗੁਣ ਹੋਣ ਦੀ ਮੰਗ ਕਰਦੇ ਹਨ ਅਤੇ ਵਰਤਮਾਨ ਵਿੱਚ ਓਹੀ ਸ਼ਾਨ ਦੀ ਬਹਾਲੀ ਕੀਤੀ ਜਾਣ ਦੀ ਵੱਡੀ ਲੋੜ ਹੈ। ਡਾ. ਅਮਰਪਾਲ ਸਿੰਘ ਜੀ ਨੇ ਨੈਤਿਕ ਸਿੱਖਿਆ ਅਤੇ ਪੰਜਾਬੀ ਭਾਸ਼ਾ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਬੋਰਡ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਉੱਘੀ ਲੇਖਕਾ, ਸ਼ਾਇਰਾ ਅਤੇ ਸਾਬਕਾ ਪ੍ਰੋਫ਼ੈਸਰ ਸ਼੍ਰੀਮਤੀ ਮਨਜੀਤ ਇੰਦਰਾ ਜੀ ਨੇ ਪੰਜਾਬੀ ਭਾਸ਼ਾ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਬੱਚਿਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ‘ਤੇ ਉਚੇਚਾ ਜ਼ੋਰ ਦਿੱਤਾ। ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਪ੍ਰੇਰਕ ਪ੍ਰਸੰਗ ਵੀ ਸਾਂਝੇ ਕੀਤੇ ।
ਐਟਰਨਲ ਯੂਨੀਵਰਸਿਟੀ, ਸ੍ਰੀ ਬੜੂ ਸਾਹਿਬ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਜੀ ਨੇ ਬੋਰਡ ਦੀ ਸਿੱਖਿਆ ਦੇ ਖੇਤਰ ਵਿੱਚ ਸਾਖ਼ ਅਤੇ ਦੇਣ ਤੋਂ ਇਲਾਵਾ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ‘ਤੇ ਚਾਨਣਾ ਪਾਉਂਦਿਆਂ ਤਬਦੀਲੀਆਂ ਦੇ ਹਾਣੀ ਬਣਨ ਤੇ ਇਤਿਹਾਸਕ ਸ਼ਾਨ ਕਾਇਮ ਰੱਖਣ ਦਾ ਹੋਕਾ ਦਿੱਤਾ। ਉਨ੍ਹਾਂ ਪੰਜਾਬੀ ਭਾਸ਼ਾ ਤੇ ਨੈਤਿਕ ਕਦਰਾਂ-ਕੀਮਤਾਂ ਸਬੰਧੀ ਅਰੰਭੇ ਕਾਰਜਾਂ ਦੀ ਵਧਾਈ ਦਿੰਦਿਆਂ ਇਨ੍ਹਾਂ ਗੁਣਾਂ ਨੂੰ ਮੁੱਢਲੀ ਸਿੱਖਿਆ ਨੀਤੀ ਵਾਂਗ ਲਾਗੂ ਕੀਤੇ ਜਾਣ ‘ਤੇ ਵੀ ਜੋ਼ਰ ਦਿੱਤਾ।
ਸਮਾਗਮ ਦੌਰਾਨ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ, ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਰੰਭੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੱਖ-ਵੱਖ ਸੰਚਾਰ ਮਾਧਿਅਮਾਂ ਰਾਹੀਂ ਪ੍ਰਚਾਰੇ ਜਾਣ ਦਾ ਹੋਕਾ ਦਿੱਤਾ ਅਤੇ ਕਿਹਾ ਕਿ ਸਮਾਜਿਕ ਤਬਦੀਲੀਆਂ ਦੇ ਨਾਲ ਇੱਕਸੁਰ ਹੁੰਦਿਆਂ ਮੁੱਢਲੇ ਗੁਣਾਂ ਦਾ ਘਾਣ ਨਾ ਹੋਣ ਦੇਣਾ ਵਰਤਮਾਨ ਦੀ ਜ਼ਿੰਮੇਵਾਰੀ ਬਣਦੀ ਹੈ । ਉਨ੍ਹਾਂ ਸਿੱਖਿਆ ਬੋਰਡ ਦੇ ਉਪਰਾਲਿਆਂ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਡਾ.ਜਸਵੀਰ ਸਿੰਘ ਪ੍ਰਿੰਸੀਪਲ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਪੰਜਾਬੀ ਭਾਸ਼ਾ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਇੱਕ ਸਿੱਕੇ ਦੇ ਦੋ ਪਹਿਲੂ ਦੱਸਿਆ ਅਤੇ ਆਪਣੇ ਕਾਲਜ ‘ਚ ਨੈਤਿਕ ਸਿੱਖਿਆ ਨੂੰ ਵਿਸ਼ੇ ਵਜੋਂ ਪੜਾਏ ਜਾਣ ਦੀ ਜਾਣਕਾਰੀ ਸਾਂਝੀ ਕੀਤੀ।
ਵਿਚਾਰ-ਚਰਚਾ ਵਿੱਚ ਕੈਨੇਡਾ ਸਥਿਤ ਸੰਸਥਾ ‘ਜਗਤ ਪੰਜਾਬੀ ਸਭਾ’ ਨੇ ਵੀ ਆਪਣੇ ਮੁਖੀ ਸ੍ਰੀ ਅਜੈਬ ਸਿੰਘ ਚੱਠਾ ਦੇ ਵੀਡਿਓ ਕਲਿੱਪ ਰਾਹੀਂ ਸਵਾਗਤੀ ਸੰਬੋਧਨ ਅਤੇ ਬੋਰਡ ਦੇ ਉਪਰਾਲਿਆਂ ਵਿੱਚ ਸਹਿਯੋਗ ਦੇਣ ਦੇ ਵਾਅਦੇ ਨਾਲ ਸ਼ਿਰਕਤ ਕੀਤੀ। ਸਭਾ ਵੱਲੋਂ ਵੀ, ਪੰਜਾਬ ਸਰਕਾਰ ਦੇ ਸਿੱਖਿਆ, ਭਾਸ਼ਾ ਤੇ ਸਮਾਜਿਕ ਖੇਤਰਾਂ ਵਿੱਚ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਮਾਗਮ ਵਿੱਚ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਸਭਾ ਦੇ ਅਹੁਦੇਦਾਰਾਂ ਨੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐੱਸ. (ਰਿਟਾ.) ਅਤੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀਮਤੀ ਪਰਲੀਨ ਕੌਰ ਬਰਾੜ, ਪੀ.ਸੀ.ਐੱਸ. ਨੇ ਸਮੁੱਚੀ ਵਿਚਾਰ ਚਰਚਾ ਦਾ ਤੱਤਸਾਰ ਤੇ ਧੰਨਵਾਦੀ ਸ਼ਬਦ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਸ਼ਾ ਤੇ ਕਦਰਾਂ ਕੀਮਤਾਂ ਦੇ ਖੇਤਰ ਵਿੱਚ ਠੋਸ ਕਾਰਜ ਕਰਨ ਦੀ ਜ਼ਿੰਮੇਵਾਰੀ ਬੋਰਡ ਪੂਰੀ ਤਨਦੇਹੀ ਨਾਲ ਨਿਭਾਵੇਗਾ । ਇਸ ਸਮੁੱਚੀ ਵਿਚਾਰ ਚਰਚਾ ਦਾ ਪ੍ਰਬੰਧਨ ‘ਚ ਡਿਪਟੀ ਸਕੱਤਰ ਅਕਾਦਮਿਕ ਅਮਰਜੀਤ ਕੌਰ ਅਤੇ ਪਰਮਿੰਦਰ ਕੌਰ ਇੰਚਾਰਜ ਪੰਜਾਬੀ ਵਿਕਾਸ ਸੈੱਲ ਦੀ ਵਿਸ਼ੇਸ਼ ਭੂਮਿਕਾ ਰਹੀ।
ਇਸ ਵਿਚਾਰ-ਚਰਚਾ ਵਿੱਚ ਡਾ. ਲੱਖਾ ਲਹਿਰੀ, ਪ੍ਰੋਫੈਸਰ ਹਰਿੰਦਰ ਬਰਾੜ, ਡਾ. ਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਅਰਵਿੰਦਰ ਢਿੱਲੋਂ,ਡਾ. ਅਨਰੀਤ ਕੌਰ, ਰਾਜਕਰਨ ਸਿੰਘ ਭੱਟੀ, ਪ੍ਰਿੰ. ਹਰਕੀਰਤ ਕੌਰ, ਗੁਰਵੀਰ ਸਿੰਘ ਸਰੌਦ,ਅਵਿਨਾਸ਼ ਰਾਣਾ, ਮੁਕੇਸ਼ ਵਰਮਾ, ਡਾ. ਗੁਰਵਿੰਦਰ ਅਮਨ, ਬੇਅੰਤ ਕੌਰ ਸ਼ਾਹੀ, ਰਣਜੀਤ ਸਿੰਘ ਸ਼ਾਹੀ, ਸੁਖਜੀਤ ਸਿੰਘ ਚੀਮਾ, ਅਮਨਦੀਪ ਕੌਰ, ਹਰਦੇਵ ਚੌਹਾਨ ਵੀ ਹਾਜ਼ਰ ਰਹੇ।
Published on: ਅਪ੍ਰੈਲ 18, 2025 7:22 ਬਾਃ ਦੁਃ