ਮੋਹਾਲੀ, 18 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਮਨੀਸ਼ ਕੁਮਾਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਤਕਨੀਕੀ ਅਦਾਰਿਆਂ ਦੇ ਵਿਦਿਆਰਥੀਆਂ ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਦੌਰਾਨ ਵਿਭਾਗ ਦੇ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਰਵਿੰਦਰ ਸਿੰਘ ਹੁੰਦਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਕਾਲਜ ਦੀ ਪ੍ਰਿੰਸੀਪਲ ਰਕਸ਼ਾ ਕਿਰਨ ਵੱਲੋਂ ਮੁੱਖ ਮਹਿਮਾਨ ਨਾਲ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਦੀ ਜਾਣ ਪਹਿਚਾਣ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦੌਰਾਨ ਸਵਰਾਜ ਮਹਿੰਦਰਾ, ਗੋਦਰੇਜ, ਸਟੀਲ ਸਟ੍ਰਿਪਸ ਅਤੇ ਵੀਲ੍ਹਜ ਡੇਰਾਬੱਸੀ, ਗਲੋਬਲ ਇੰਜਨੀਅਰਜ਼ ਅਤੇ ਕੰਸਲਟੈਂਟ ਅਤੇ ਵਾਲੀਆ ਕ੍ਰਿਏਟਿਵ ਆਰਕੀਟੈਕਟ ਵੱਲੋਂ ਸਿਵਲ ਇੰਜੀਨੀਅਰਿੰਗ, ਮਕੈਨੀਕਲ, ਇਲੈਕਟਰੀਕਲ, ਪ੍ਰੋਡਕਸ਼ਨ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ, ਬੀ-ਆਰਕ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਇਸ ਮੌਕੇ ਬੋਲਦਿਆਂ ਵਧੀਕ ਡਾਇਰੈਕਟਰ ਰਵਿੰਦਰ ਸਿੰਘ ਹੁੰਦਲ ਨੇ ਕਾਲਜ ਦੇ ਇਸ ਉਪਰਾਲੇ ਨੂੰ ਮੀਲ ਪੱਥਰ ਦੱਸਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਤਕਨੀਕੀ ਗਿਆਨ ਦੇ ਕੇ ਹੁਨਰਮੰਦ ਕਰਨ ਉਪਰੰਤ ਨਾਮੀ ਕੰਪਨੀਆਂ ਵਿੱਚ ਨੌਕਰੀ ਲਗਵਾਉਣਾ ਵਿਭਾਗ ਦਾ ਮੁੱਖ ਟੀਚਾ ਹੈ ਜਿਸ ਦੀ ਲੜੀ ਵਜੋਂ ਅੱਜ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਸ਼ੁਰੂਆਤ ਕੀਤੀ ਗਈ ਹੈ।
ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਦੇ ਰੋਜ਼ਗਾਰ ਮੇਲੇ ਵਿਚ ਪੰਜਾਬ ਭਰ ਤੋਂ 14 ਪੌਲੀਟੈਕਨਿਕ ਕਾਲਜਾਂ ਦੇ ਲੱਗਭਗ 250 ਨੌਜਵਾਨ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।
ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਰਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਵੱਖ-ਵੱਖ ਕੰਪਨੀਆਂ ਵੱਲੋਂ ਲਿਖਤੀ ਪੇਪਰ ਅਤੇ ਇੰਟਰਵਿਊ ਰਾਹੀਂ ਆਖਰੀ ਸਾਲ ਦੇ 145 ਵਿਦਿਆਰਥੀਆਂ ਦੀ ਫਾਈਨਲ ਰਾਉਂਡ ਲਈ ਚੋਣ ਕੀਤੀ ਗਈ। ਮਹਿੰਦਰਾ ਸਵਰਾਜ ਵੱਲੋਂ 52, ਗੋਦਰੇਜ ਵੱਲੋਂ 51, ਸਟੀਲ ਸਟਿਰਪਸ ਵੱਲੋਂ 19, ਗਲੋਬਲ ਇੰਜਨੀਅਰਜ ਅਤੇ ਕੰਸਲਟੈਂਟ ਅਤੇ ਵਾਲੀਆ ਕ੍ਰਿਏਟਿਵ ਆਰਕੀਟੈਕਟ ਵੱਲੋਂ 33 ਯੋਗ ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਜੀਤਪਾਲ ਸਿੰਘ, ਸਹਾਇਕ ਡਾਇਰੈਕਟਰ ਸੰਗੀਤਾ ਮੈਣੀ, ਆਈ ਆਈ ਏ ਪੰਜਾਬ ਦੇ ਚੈਅਰਮੈਨ ਪ੍ਰਿਤਪਾਲ ਸਿੰਘ ਵਾਲੀਆ, ਗੋਦਰੇਜ ਤੋਂ ਹਿਊਮਨ ਰਿਸੋਰਸ ਮੈਨੇਜਰ ਤਰੁਣ ਵਾਲੀਆ, ਪ੍ਰੋਡਕਸ਼ਨ ਮੈਨੇਜਰ ਰਜਨੀਸ਼ ਐਬਰੋਲ, ਸਟੀਲ ਸਟਿਰਪਸ ਤੋਂ ਐਨ ਕੇ ਕਪਿਲ, ਗਲੋਬਲ ਕਨਸਲਟੈਂਟ ਤੋਂ ਇੰਜ ਹਰਜੀਤ ਸਿੰਘ ਅਤੇ ਸਵਰਾਜ ਮਹਿੰਦਰਾ ਤੋਂ ਬਿਕਰਮ ਭੱਟ ਨੇ ਵੀ ਸ਼ਮੂਲੀਅਤ ਕੀਤੀ।
ਰੋਜ਼ਗਾਰ ਮੇਲੇ ਦੌਰਾਨ ਵਿਦਿਆਰਥੀ ਬਠਿੰਡਾ, ਬਟਾਲਾ, ਫਿਰੋਜ਼ਪੁਰ, ਜਲੰਧਰ, ਬਰਨਾਲਾ, ਤਲਵਾੜਾ, ਰਣਵਾਂ, ਹੁਸ਼ਿਆਰਪੁਰ ਅਤੇ ਮੁਹਾਲੀ ਤੋਂ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਲੈ ਕੇ ਆਉਣ ਅਤੇ ਲਿਜਾਣ ਦਾ ਪ੍ਰਬੰਧ ਉਹਨਾਂ ਨਾਲ ਸਬੰਧਤ ਕਾਲਜਾਂ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ।
Published on: ਅਪ੍ਰੈਲ 18, 2025 9:04 ਬਾਃ ਦੁਃ