ਬੋਹਾ, 2 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਬੀਤੇ 30 ਸਤੰਬਰ ਨੂੰ ਇੱਥੋਂ ਨਜ਼ਦੀਕੀ ਪਿੰਡ ਆਲਮਪੁਰ ਮੰਦਰਾ ਵਿੱਚ ਨਿੱਜੀ ਰੰਜਿਸ਼ ਦੇ ਚਲਦਿਆਂ ਗੁਆਂਢੀਆਂ ਵੱਲੋਂ ਇਕ ਔਰਤ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਈਟੀਟੀ 6635 ਯੂਨੀਅਨ ਦੇ ਆਗੂਆਂ ਨੇ ਕਿਹਾ ਅਧਿਆਪਕ ਆਗੂ ਬੂਟਾ ਸਿੰਘ ਦੀ ਮਾਂ ਦਾ ਪਿੰਡ ਦੇ ਕੁਝ ਲੋਕਾਂ ਨੇ ਕੁੱਟ ਕੇ ਕਤਲ ਕਰ ਦਿੱਤਾ। ਪੁਲਿਸ ਵੱਲੋਂ ਦੋਸ਼ੀਆਂ ਨੂੰ ਨਾ ਫੜ੍ਹੇ ਜਾਣ ਕਾਰਨ ਅੱਜ ਲਾਸ਼ ਨੂੰ ਬੋਹਾ ਥਾਣੇ ਅੱਗੇ ਰੱਖ ਕੇ ਜਾਮ ਲਗਾਇਆ ਗਿਆ। ਇਸ ਸਬੰਧੀ 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਸਿੰਘ ਖੋਖਰ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਘਰ ਵਿੱਚ ਦਾਖਲ ਹੋ ਕੇ ਮ੍ਰਿਤਕ ਨਸ਼ੀਬ ਕੌਰ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਪੰਚਾਇਤੀ ਚੋਣਾਂ ਦੌਰਾਨ APP ਦੇ ਵਲੰਟੀਅਰ ਦਾ ਕਤਲ
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦੋ ਦਿਨ ਬੀਤੇ ਜਾਣ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਕਰ ਰਹੇ ਹਾਂ। ਮ੍ਰਿਤਕ ਦੇ ਬੇਟੇ ਰਵਿੰਦਰ ਸਿੰਘ ਨੇ ਮੰਗ ਕੀਤੀ ਕਿ ਮੇਰੀ ਮਾਂ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਮਜ੍ਹਬੀ ਸਿੱਖ ਤੇ ਬਾਲਮੀਕੀ ਭਲਾਈ ਫਰੰਟ ਦੇ ਚੇਅਰਮੈਨ ਮੈਡਮ ਹਰਪਾਲ ਕੌਰ ਗੇਹਲੇ ਨੇ ਕਿਹਾ ਕਿ ਦੋ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਲਾਸ਼ ਨੂੰ ਧਰਨੇ ਮੂਹਰੇ ਰੱਖਕੇ ਧਰਨਾ ਦੇਣ ਲਈ ਮਜ਼ਬੂਰ ਕੀਤਾ ਗਿਆ, ਪਰ ਪ੍ਰਸ਼ਾਸਨ ਸੁੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੂਬੇ ਭਰ ਵਿੱਚ ਸਾਡੇ ਲੋਕਾਂ ਨੂੰ ਬੁਲਾ ਕੇ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।