ਚਮਕੌਰ ਸਾਹਿਬ / ਮੋਰਿੰਡਾ 20 ਅਪਰੈਲ ਭਟੋਆ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਮਲੇਰੀਆ, ਡੇਂਗੂ (dengue) ਅਤੇ ਚਿਕਨਗੁਨੀਆਂ (chikungunya) ਦੀ ਰੋਕਥਾਮ ਸਬੰਧੀ ਸਕੂਲਾਂ ਨੂੰ ਪੱਤਰ ਭੇਜ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ । ਇਸ ਸਬੰਧੀ ਪੰਜਾਬ ਮਿਡ ਡੇ ਮੀਲ ਸੁਸਾਇਟੀ ਵੱਲੋਂ ਜਾਰੀ ਪੱਤਰ ਰਾਹੀਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਲਿਖਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਬਿਮਾਰੀਆਂ ਦੇ ਵਧਣ ਦਾ ਖਦਸ਼ਾ ਹੈ । ਇਸ ਕਰਕੇ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਬਚਾਓ ਦੇ ਢੰਗ ਤਰੀਕੇ ਤੋਂ ਵੀ ਜਾਣੂ ਕਰਵਾਇਆ ਜਾਵੇ । ਇਸ ਦੇ ਨਾਲ ਹੀ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਚਲਾਈ ਡਰਾਈ ਫਰਾਈਡੇ ਦੀ ਗਤੀਵਿਧੀ ਤੋਂ ਵੀ ਜਾਣੂ ਕਰਵਾਇਆ ਜਾਵੇ । ਇਸ ਗਤੀਵਿਧੀ ਤਹਿਤ ਹਰ ਹਫਤੇ ਸ਼ੁਕਰਵਾਰ ਨੂੰ ਆਪੋ ਆਪਣੇ ਘਰਾਂ ਵਿੱਚ ਮੌਜੂਦ ਕੂਲਰਾਂ ਗਮਲਿਆਂ ਜਾਂ ਹੋਰ ਅਜਿਹੀਆਂ ਚੀਜ਼ਾਂ ਜਿਨਾਂ ਵਿੱਚ ਪਾਣੀ ਜਮ੍ਹਾਂ ਹੋ ਸਕਦਾ ਹੈ, ਵਿਚਲਾ ਪਾਣੀ ਨਸ਼ਟ ਕੀਤਾ ਜਾਵੇ, ਕਿਉਂਕਿ ਮੱਛਰ ਦਾ ਜਨਮ ਸਰਕਲ ਸੱਤ ਦਿਨ ਦਾ ਹੈ ਤੇ ਜੇਕਰ ਸੱਤ ਦਿਨਾਂ ਦੇ ਵਿੱਚ ਹੀ ਅਸੀਂ ਪਾਣੀ ਨਸ਼ਟ ਕਰ ਦੇਵਾਂਗੇ ਤਾਂ ਕੜੀ ਟੁੱਟ ਜਾਵੇਗੀ ਅਤੇ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦਾ ਮੱਛਰ ਪੈਦਾ ਹੀ ਨਹੀਂ ਹੋਵੇਗਾ । ਜ਼ਿਕਰਯੋਗ ਹੈ ਕਿ ਪਿਛਲੇ ਵਰੇ ਇਨ੍ਹਾਂ ਦਿਨਾਂ ਵਿੱਚ ਹੀ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਘਰ- ਘਰ ਫੈਲੀ ਸੀ। ਸੋ ਇਸ ਲਈ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਿਹਤਯਾਬ ਰੱਖਣ ਲਈ ਕਾਰਗਰ ਸਿੱਧ ਹੋ ਸਕਦਾ ਹੈ । ਇਸ ਸਬੰਧੀ ਇਲਾਕੇ ਦੇ ਬਹੁਤ ਸਾਰੇ ਸਕੂਲਾਂ ਵਿੱਚ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਹੋ ਗਈ । ਅਧਿਆਪਕਾਂ ਨੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਇਨ੍ਹਾਂ ਬਿਮਾਰੀਆਂ ਦੇ ਪ੍ਰਕੋਪ ਅਤੇ ਬਚਾਓ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ ।
Published on: ਅਪ੍ਰੈਲ 20, 2025 4:17 ਬਾਃ ਦੁਃ