ਅਕਾਲੀ ਦਲ ਕਸੂਤੀ ਸਥਿਤੀ ‘ਚ, ਵਲਟੋਹਾ ਚੌਪਾਸਿਓਂ ਘਿਰੇ- ਮੁੱਖ ਮੰਤਰੀ ਵੱਲੋਂ ਕਾਰਵਾਈ ਦੇ ਸੰਕੇਤ

ਪੰਜਾਬ

ਚੰਡੀਗੜ੍ਹ: 17 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਨਿੱਜੀ ਟਿੱਪਣੀਆਂ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਸਾਰੇ ਪਾਸਿਓਂ ਘਿਰ ਗਏ ਲਗਦੇ ਹਨ ਅਤੇ ਅੱਜ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਕੋਲ ਕੋਈ ਸ਼ਿਕਾਇਤ ਜਾਂ ਵੀਡੀਓ ਲਿੰਕ ਆਉਂਦਾ ਹੈ ਤਾਂ ਉਹ ਜਥੇਦਾਰ ਨੂੰ ਧਮਕੀਆਂ ਦੇਣ ਵਾਲੇ ਖਿਲਾਫ ਸਖਤ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਧਮਕੀ ਦਿੰਦਾ ਹੈ ਜਾਂ ਪਰਿਵਾਰ ਬਾਰੇ ਜਲਾਲਤ ਕਰਦਾ ਹੈ ਤਾਂ ਉਸ ਖਿਲਾਫ ਰੂਲ ਮੁਤਾਬਕ ਸਖਤ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਕਿਸੇ ਪਰਿਵਾਰ ਦੀ ਵਫਾਦਾਰੀ ਨਿਭਾਉਣ ਲਈ ਕੁਝ ਵਿਅਕਤੀ ਹਜ਼ਾਰਾਂ ਵਿਅਕਤੀਆਂ ਦੇ ਦਿਲਾਂ ਨੂੰ ਠੇਸ ਪਹੁੰਚਾ ਰਹੇ ਹਨ, ਧਾਰਮਿਕ ਹਸਤੀਆਂ ਨੂੰ ਧਮਕੀਆਂ ਦੇ ਰਹੇ ਹਨ, ਰਿਕਾਰਡਿੰਗ ਕਰ ਰਹੇ ਹਨ, ਉਨ੍ਹਾ ਖਿਲਾਫ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਜਾਤੀਸੂਚਕ ਸ਼ਬਦ ਵੀ ਸਿੰਘ ਸਾਹਿਬ ਖਿਲਾਫ ਵਰਤੇ ਜਾ ਰਹੇ ਹਨ ਜੋ ਕਾਨੂੰਨ ਦੇ ਉਲਟ ਹੈ।
ਦੂਜੇ ਪਾਸੇ ਅਕਾਲੀ ਦਲ ਵਿੱਚ ਵੀ ਵਲਟੋਹਾ ਇਕੱਲੇ ਪੈਂਦੇ ਨਜ਼ਰ ਆ ਰਹੇ ਹਨ। ਅਕਾਲੀ ਦਲ ਦੇ ਨੇਤਾ ਕਹਿ ਰਹੇ ਹਨ ਕਿ ਹੁਣ ਵਲਟੋਹਾ ਸਾਡੇ ਨਾਲ ਨਹੀਂ ਹੈ, ਉਸਦੇ ਬਿਆਨ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ।
ਉਧਰ ਕਾਂਗਰਸ ਪਾਰਟੀ ,ਆਮ ਆਦਮੀ ਪਾਰਟੀ ਤੇ ਅਕਾਲੀ ਦਲ ‘ਚੋਂ ਬਾਹਰ ਹੋਏ ਪੰਥਕ ਸੁਧਾਰ ਲਹਿਰ ਦੇ ਨੇਤਾ ਵੀ ਵਿਰਸਾ ਸਿੰਘ ਵਲਟੋਹਾ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇੰਜ ਲਗਦਾ ਹੈ ਕਿ ਆਕਲੀ ਦਲ ਹੁਣ ਖੁਦ ਆਪਣੇ ਬੁਣੇ ਜਾਵ ਵਿੱਚ ਫਸ ਗਿਆ ਹੈ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਨੇਤਾਵਾਂ ਨੇ ਅੰਦਰਖਾਤੇ ਸੁਖਬੀਰ ਸਿੰਘ ਬਾਦਲ ਖਿਲਾਫ ਕੋਈ ਕਾਰਵਾਈ ਨਾ ਕਰਨ ਲਈ ਸਿੰਘ ਸਾਹਿਬ ਨੂੰ ਧਮਕੀ ਦੇਣ ਲਈ ਵਿਰਸਾ ਸਿਘ ਵਲਟੋਹਾ ਨੂੰ ਭੇਜਿਆ ਸੀ ਅਤੇ ਕੁਝ ਹੱਦ ਤੱਕ ਦੂਜੇ ਨੇਤਾ ਵੀ ਉਨ੍ਹਾਂ ਦਾ ਬਚਾਅ ਕਰਦੇ ਨਜ਼ਰ ਆਏ ਸਨ ਪਰ ਹੁਣ ਮਾੜੇ ਹਾਲਾਤ ਦੇਖਦਿਆਂ ਸਾਰੇ ਚੁੱਪ ਹੀ ਨਹੀਂ ਕਰ ਗਏ ਸਗੋਂ ਵਿਰਸਾ ਸਿੰਘ ਵਲਟੋਹਾ ਤੋਂ ਪੱਲਾ ਵੀ ਝਾੜਨ ਲੱਗ ਪਏ ਹਨ। ਹੁਣ ਅਕਾਲੀ ਦਲ ਪਹਿਲਾਂ ਨਾਲੋਂ ਵੀ ਕਸੂਤੀ ਸਥਿਤੀ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਗਿੱਦੜਬਾਹਾ ਤੇ ਹੋਰ ਤਿੰਨ ਜ਼ਿਮਨੀ ਚੋਣਾਂ ਆਉਣ ਦੇ ਨਾਲ ਨਾਲ ਸੁਖਬੀਰ ਬਾਦਲ ਨੂੰ ਆਪਣੀ ਬੇਟੀ ਦਾ ਵਿਆਹ ਵੀ ”ਤਨਖਾਹੀਆ” ਹਾਲਾਤ ਵਿੱਚ ਕਰਨਾ ਪੈ ਸਕਦਾ ਹੈ। ਅਕਾਲੀ ਹਲਕਿਆਂ ਅਨੁਸਾਰ ਸੁਖਬੀਰ ਬਾਦਲ ਖੁਦ ਗਿੱਦੜਬਾਹਾ ਤੋਂ ਚੋਣ ਲੜਨਾ ਚਾਹੁੰਦੇ ਸਨ, ਜਿਸ ਕਰਕੇ ਉਹ ”ਤਨਖਾਹੀਆ‘ ਹੋਣ ਦਾ ਟੈਗ ਜਲਦੀ ਲਾਹੁਣਾ ਚਾਹੁੰਦੇ ਸਨ। ਉਨ੍ਹਾ ਨੂੰ ਪੂਰਾ ਭਰੋਸਾ ਸੀ ਕਿ ਸਿੰਘ ਸਾਹਿਬ ਸ਼੍ਰੋਮਣੀ ਕਮੇਟੀ ਤੋਂ ਬਾਹਰ ਨਹੀਂ ਜਾਣਗੇ ਤੇ ਇਸੇ ਗੱਲ ਨੂੰ ਲੈ ਕੇ ਉਹ ਪਾਰਟੀ ਆਗੂਆਂ ਤੇ ਹੋਰ ਲੀਡਰਾਂ ਨੂੰ ਸਿੰਘ ਸਾਹਿਬਾਨ ਕੋਲ ਭੇਜ ਰਹੇ ਸਨ। ਪਰ ਵਿਰਸਾ ਸਿੰਘ ਵਲਟੋਹਾ ਦੇ ਬਿਆਨਾਂ ਕਾਰਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਸਾਰੀ ਸਥਿਤੀ ਅਕਾਲੀ ਦਲ ਦੇ ਉਲਟ ਹੋ ਗਈ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰਨ ਦੀ ਹਾਲਤ ਵਿੱਚ ਸਮੁੱਚੇ ਸਿੰਘ ਸਾਹਿਬਾਨਾਂ ਵੱਲੋਂ ਅਸਤੀਫਾ ਦੇਣ ਦੀ ਗੱਲ ਕਹਿ ਦਿੱਤੀ। ਇਸ ਸਥਿਤੀ ਨੇ ਅਕਾਲੀ ਦਲ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਨੂੰ ਪੁੱਠਾ ਕਰ ਦਿੱਤਾ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੰਘ ਸਾਹਿਬਾਨ ਦੇ ਆਦੇਸ਼ ਦੀ ਪਾਲਣਾ ਕਰਨੀ ਪਈ। ਹੁਣ ਵਿਰਸਾ ਸਿੰਘ ਵਲਟੋਹਾ ਦੇ ਨਾਲ ਸਾਰੇ ਪਾਸਿਓਂ ਅਕਾਲੀ ਦਲ ਵੀ ਅਲੱਗ ਥਲੱਗ ਪੈ ਗਿਆ ਹੈ ਅਤੇ ਇਸਦੇ ਮੁੱਖ ਆਗੂ ਗਿਆਨੀ ਹਰਪ੍ਰੀਤ ਸਿੰਘ ਕੋਲ ਮੁੜ ਪਹੁੰਚ ਕਰਨ ਦੇ ਰਾਹ ਪੈ ਗਏ ਹਨ। ਅਗਲੇ ਦਿਨਾਂ ‘ਚ ਸਥਿਤੀ ਕੀ ਕਰਵਟ ਲੈਂਦੀ ਹੈ ਇਸਦੀ ਉਡੀਕ ਕਰਨੀ ਪਵੇਗੀ।

Leave a Reply

Your email address will not be published. Required fields are marked *