ਮੋਰਿੰਡਾ 18 ਅਕਤੂਬਰ ( ਭਟੋਆ )
ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਪਿੰਡ ਸਲਾਹਪੁਰ ਦੇ ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੈਂਟਾਂ ਵਿਰੁੱਧ ਵੱਖ ਵੱਖ ਧਰਾਵਾਂ ਦੀ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰੋਹਿਤ ਸ਼ਰਮਾ ਐਸਐਚਓ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸਲਾਹਪੁਰ , ਅਤੇ ਅਸ਼ੋਕ ਕੁਮਾਰ ਪੁੱਤਰ ਅਜੀਤ ਰਾਮ ਵਾਸੀ ਪਿੰਡ ਰਸੀਦਪੁਰ ਥਾਣਾ ਸ੍ਰੀ ਚਮਕੌਰ ਸਾਹਿਬ ਜਿਲਾ ਰੂਪਨਗਰ ਵੱਲੋਂ ਐਸਐਸਪੀ ਰੂਪਨਗਰ ਨੂੰ ਭੇਜੀ ਦਰਖਾਸਤ ਵਿੱਚ ਦੱਸਿਆ ਕਿ ਉਹਨਾਂ ਵੱਲੋਂ ਵਿਦੇਸ਼ ਜਾਣ ਲਈ ਸੁਰਮੁੱਖ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮੱਕੋਵਾਲ ਸ੍ਰੀ ਚਮਕੌਰ ਸਾਹਿਬ ਨਾਲ ਵਿਦੇਸ਼ ਜਾਣ ਲਈ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੂੰ ਸਪੇਨ ਭੇਜਣ ਲਈ ਸੁਰਮੁੱਖ ਸਿੰਘ ਪੁੱਤਰ ਅਜੈਬ ਸਿੰਘ , ਭੁਪਿੰਦਰ ਕੌਰ ਪਤਨੀ ਸੁਰਮੁੱਖ ਸਿੰਘ , ਰਵਿੰਦਰ ਸਿੰਘ ਪੁੱਤਰ ਸੁਰਮਖ ਸਿੰਘ ਅਤੇ ਹਰਪ੍ਰੀਤ ਕੌਰ ਪਤਨੀ ਸੁਭਾਸ਼ ਸਿੰਘ ਬੱਬੀ ਵਾਸੀ ਪਿੰਡ ਮੱਕੋਵਾਲ ਨੇ ਉਹਨਾਂ ਕੋਲੋ 7.50 ਲੱਖ ਤੇ 6.50 ਲੱਖ ਰੁਪਏ ਵਸੂਲ ਕੀਤੇ ਗਏ ਸਨ , ਪ੍ਰੰਤੂ ਉਹਨਾਂ ਨੂੰ ਸਪੇਨ ਭੇਜਣ ਦੀ ਥਾਂ ਤੇ ਦਿੱਲੀ ਤੋਂ ਮਸਕਟ ਭੇਜ ਦਿੱਤਾ ਗਿਆ ,ਜਿੱਥੋਂ ਅੱਗੇ ਉਹਨਾਂ ਨੂੰ ਏਜੈਂਟਾਂ ਵੱਲੋਂ ਰੂਸ ਦੀ ਰਾਜਧਾਨੀ ਮਾਸਕੋ ਪਹੁੰਚਾਇਆ ਗਿਆ ਜਿੱਥੋਂ ਟੈਕਸੀ ਰਾਹੀਂ ਬੇਲਾਰੂਸ ਦੇ ਸ਼ਹਿਰ ਮਿੰਸਕ ਤੋਂ ਡੌਂਕੀ ਰਾਹੀਂ ਸਪੇਨ ਜਾਣ ਲਈ ਕਿਹਾ ਗਿਆ ਪ੍ਰੰਤੂ ਉਹਨਾਂ ਵੱਲੋਂ ਡੌਂਕੀ ਰਾਹੀਂ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਉਪਰੰਤ ਸੁਰਮੁੱਖ ਸਿੰਘ ਤੇ ਹੋਰਾਂ ਨੇ ਉਹਨਾਂ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਅਤੇ ਉਹ 15 ਦਿਨ ਖੱਜਲ ਖੁਆਰ ਹੋਣ ਉਪਰੰਤ ਆਪਣੇ ਖਰਚੇ ਤੇ ਵਾਪਸ ਇੰਡੀਆ ਆਪਣੇ ਘਰ ਪਹੁੰਚੇ। ਜਿੱਥੇ ਉਹਨਾਂ ਵੱਲੋਂ ਸੁਰਮੁੱਖ ਸਿੰਘ ਤੇ ਹੋਰਾਂ ਕੋਲੋਂ ਆਪਣੀ ਦਿੱਤੀ ਗਈ ਰਕਮ ਵਾਪਸ ਮੰਗੀ ਗਈ, ਪ੍ਰੰਤੂ ਉਹਨਾਂ ਵੱਲੋਂ ਰਕਮ ਦੇਣ ਸਬੰਧੀ ਟਾਲਮਟੋਲ ਕੀਤਾ ਜਾਣ ਲੱਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਜਦੋਂ ਐਸਐਸਪੀ ਰੂਪਨਗਰ ਨੂੰ ਦਰਖਾਸਤ ਦਿੱਤੀ ਗਈ ਤਾਂ ਸਬੰਧਤ ਏਜੈਂਟਾਂ ਵੱਲੋਂ ਚਾਰ ਮਹੀਨਿਆਂ ਦੇ ਅੰਦਰ ਅੰਦਰ ਰਕਮ ਵਾਪਸ ਕਰਨ ਦਾ ਲਿਖਤੀ ਇਕਰਾਰਨਾਮਾ ਕੀਤਾ ਗਿਆ ਪ੍ਰੰਤੂ ਚਾਰ ਬੀਤਣ ਉਪਰੰਤ ਵੀ ਇਹਨਾਂ ਵੱਲੋਂ ਪੈਸੇ ਵਾਪਸ ਨਹੀਂ ਕੀਤੇ ਗਏ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਹਨਾਂ ਕੋਲੋਂ 14 ਲੱਖ ਰੁਪਏ ਦੀ ਠੱਗੀ ਮਾਰੀ ਗਈ ਹ। ਇਸ ਲਈ ਦੋਸ਼ੀਆਂ ਵਿਰੁੱਧ ਲੋੜੀਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੀ ਰਕਮ ਵਾਪਸ ਕਰਵਾਈ ਜਾਵੇ।
ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਜੀ ਦਰਖਾਸਤ ਦੀ ਪੜਤਾਲ ਡੀਐਸਪੀ ਚਮਕੌਰ ਸਾਹਿਬ ਸ਼੍ਰੀ ਮਨਜੀਤ ਸਿੰਘ ਔਲਖ ਵੱਲੋਂ ਕੀਤੀ ਗਈ ਜਿਨਾਂ ਵੱਲੋਂ ਅਰਵਿੰਦਰ ਸਿੰਘ ਪੁੱਤਰ ਸੁਰਮਖ ਸਿੰਘ ਅਤੇ ਭੁਪਿੰਦਰ ਕੌਰ ਪਤਨੀ ਸੁਰਮੁੱਖ ਸਿੰਘ ਦੀ ਇਸ ਲੈਣ ਦੇਣ ਵਿੱਚ ਕੋਈ ਸ਼ਮੂਲੀਅਤ ਨਾ ਹੀ ਪਾਈ ਗਈ ਉਹਨਾਂ ਦੱਸਿਆ ਕਿ ਡੀਐਸਪੀ ਸ੍ਰੀ ਔਲਖ ਵੱਲੋਂ ਜਿਲ੍ਹੇ ਦੇ ਲੀਗਲ ਅਧਿਕਾਰੀ ਦੀ ਸਲਾਹ ਲੈਣ ਉਪਰੰਤ ਸੁਰਮਖ ਸਿੰਘ ਪੁੱਤਰ ਅਜੈਬ ਸਿੰਘ ਸੁਭਾਸ਼ ਚੰਦ ਪੁੱਤਰ ਲਹੌਰੀ ਰਾਮ ਅਤੇ ਹਰਪ੍ਰੀਤ ਕੌਰ ਪਤਨੀ ਸੁਭਾਸ਼ ਚੰਦ ਵਾਸੀ ਪਿੰਡ ਮੱਕੋਵਾਲ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਰੁੱਧ ਆਈਪੀਸੀ ਦੀ ਧਾਰਾ 406/420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਸ ਐਕਟ 2014 ਦੀ ਧਾਰਾ 13 ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।