ਨਵੀਂ ਦਿੱਲੀ, 25 ਅਕਤੂਬਰ, ਦੇਸ਼ ਕਲਿਕ ਬਿਊਰੋ :
4 ਦਿਨ ਪਹਿਲਾਂ ਹੋਏ ਨਵੇਂ ਗਸ਼ਤ ਸਮਝੌਤੇ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਸਰਹੱਦ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਫੌਜਾਂ ਨੇ ਪੂਰਬੀ ਲੱਦਾਖ ਦੇ ਡੇਮਚੋਕ ਅਤੇ ਡੇਪਸਾਂਗ ਪੁਆਇੰਟ ਵਿੱਚ ਆਪਣੇ ਅਸਥਾਈ ਟੈਂਟਾਂ ਅਤੇ ਸ਼ੈੱਡਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਫ਼ੌਜੀ ਗੱਡੀਆਂ ਅਤੇ ਫ਼ੌਜੀ ਸਾਜ਼ੋ-ਸਾਮਾਨ ਵੀ ਵਾਪਸ ਲੈਜਾਏ ਜਾ ਰਹੇ ਹਨ।ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਦੋਵੇਂ ਸੈਨਾਵਾਂ ਡੇਮਚੋਕ ਅਤੇ ਡੇਪਸਾਂਗ ਵਿੱਚ ਗਸ਼ਤ ਕਰ ਸਕਣਗੀਆਂ। ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਨੇ 21 ਅਕਤੂਬਰ ਨੂੰ ਸਵੇਰੇ 4:30 ਵਜੇ ਨਵੇਂ ਗਸ਼ਤ ਸਮਝੌਤੇ ‘ਤੇ ਦਸਤਖਤ ਕੀਤੇ ਸਨ।ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਸਮਝੌਤੇ ਦੀ ਜਾਣਕਾਰੀ ਦਿੱਤੀ ਸੀ। ਸਮਝੌਤੇ ਦਾ ਉਦੇਸ਼ ਮਈ 2020 ਵਿੱਚ ਗਲਵਾਨ ਝੜਪ ਤੋਂ ਪਹਿਲਾਂ ਦੀ ਸਥਿਤੀ ਨੂੰ ਵਾਪਸ ਲਿਆਉਣਾ ਅਤੇ ਡੇਪਸਾਂਗ-ਡੇਮਚੋਕ ਵਿੱਚ ਗਸ਼ਤ ਸ਼ੁਰੂ ਕਰਨਾ ਹੈ।