ਚੰਡੀਗੜ੍ਹ, 26 ਅਕਤੂਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਗੁਰੂਗ੍ਰਾਮ ‘ਚ ਬਿਜਲੀ ਦੀਆਂ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਇਕ ਘਰ ਨੂੰ ਅੱਗ ਲੱਗ ਗਈ। ਇਸ ਕਾਰਨ ਘਰ ਦੇ ਇੱਕ ਕਮਰੇ ਵਿੱਚ ਸੁੱਤੇ ਚਾਰ ਨੌਜਵਾਨ ਜ਼ਿੰਦਾ ਸੜ ਗਏ। 2 ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜੀ ਹਾਲਤ ‘ਚ ਮਿਲੀਆਂ। ਮ੍ਰਿਤਕਾਂ ਵਿੱਚੋਂ ਇੱਕ 10ਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾਂਦਾ ਹੈ। ਉਹ 2 ਹਫ਼ਤੇ ਪਹਿਲਾਂ ਹੀ ਮਿਲਣ ਆਇਆ ਸੀ।
ਲੋਕਾਂ ਦਾ ਦੋਸ਼ ਹੈ ਕਿ ਅੱਗ ਲੱਗਣ ਬਾਰੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਅੱਧਾ ਕਿਲੋਮੀਟਰ ਦੂਰ ਤੋਂ ਵੀ ਅੱਗ ਬੁਝਾਉਣ ਆਉਣ ਵਿੱਚ ਦੇਰੀ ਹੋਈ। ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ’ਤੇ ਕਾਬੂ ਪਾ ਲਿਆ ਸੀ।
ਇਸ ਤੋਂ ਬਾਅਦ ਸੜੀ ਹਾਲਤ ‘ਚ ਮਿਲੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਨੂਰ ਆਲਮ, ਮੁਸ਼ਤਾਕ, ਅਮਨ ਅਤੇ ਸਾਹਿਲ ਵਜੋਂ ਹੋਈ ਹੈ। ਉਹ ਬਿਹਾਰ ਦੇ ਰਹਿਣ ਵਾਲੇ ਸਨ।