ਪੰਜਾਬ ਦੇ ਰਾਜਪਾਲ ਵੱਲੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵੱਲ ਜ਼ੋਰ ਦੇਣ ਦਾ ਸੱਦਾ

ਪੰਜਾਬ

ਨਾਭਾ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਇੱਥੇ ਪੰਜਾਬ ਪਬਲਿਕ ਸਕੂਲ, ਨਾਭਾ 64ਵੇਂ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਦੇ ਬੌਧਿਕ ਗਿਆਨ ਨੂੰ ਵਿਕਸਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਚਰਿੱਤਰ ਨਿਰਮਾਣ ਵੱਲ ਵਿਸ਼ੇਸ਼ ਤਵੱਜੋ ਦੇਣ। ਸ੍ਰੀ ਕਟਾਰੀਆ ਜੋ ਕਿ ਸਕੂਲ ਬੋਰਡ ਦੇ ਚੇਅਰਮੈਨ ਵੀ ਹਨ, ਨੇ ਐਨ. ਸੀ. ਸੀ ਕੈਡਿਟਾਂ ਦੀ ਸ਼ਾਨਦਾਰ ਪਰੇਡ ਤੋਂ ਸਲਾਮੀ ਲਈ ਅਤੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ।
ਆਪਣੇ ਸੰਬੋਧਨ ਮੌਕੇ ਸ੍ਰੀ ਕਟਾਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਵਿਦਿਆਰਥੀਆਂ ਦੇ ਉੱਚ ਅਨੁਸ਼ਾਸਨ ਤੋਂ ਬਹੁਤ ਪ੍ਰਭਾਵਿਤ ਹਨ। ਰਾਜਪਾਲ ਨੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਜਿੱਥੇ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਨਿਖਾਰ ਕੇ ਅੱਗੇ ਲਿਆਉਣ ਉਥੇ ਹੀ ਉਨ੍ਹਾਂ ਨੂੰ ਆਪਣੇ ਅਤੀਤ ਨਾਲ ਜੋੜ ਕੇ ਭਵਿੱਖੀ ਚੁਣੌਤੀਆਂ ਲਈ ਵੀ ਤਿਆਰ ਕਰਨ।
ਇਸ ਤੋਂ ਪਹਿਲਾਂ ਸਕੂਲ ਹੈਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਪਿਛਲੇ ਸਾਲਾਂ ਦੌਰਾਨ ਸੰਸਥਾ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਕੂਲ ਦੇ ਸਰਪ੍ਰਸਤਾਂ ਦਾ ਧੰਨਵਾਦ ਕੀਤਾ। ਇਸ ਵਾਰ ਦਾ ਲਾਈਫਟਾਈਮ ਅਚੀਵਮੈਂਟ ਅਵਾਰਡ ਸਾਬਕਾ ਗਣਿਤ ਅਧਿਆਪਕ ਤੇ ਡਿਪਟੀ ਹੈਡਮਾਸਟਰ ਰਮੇਸ਼ ਚੰਦਰ ਭੱਲਾ ਨੂੰ ਪ੍ਰਦਾਨ ਕੀਤਾ ਗਿਆ। ਇਸ ਸਾਲ ਦਾ ਰੋਲ ਆਫ ਆਨਰ ਅਵਾਰਡ ਉੱਘੇ ਕਾਰਪੋਰੇਟ ਰਾਜੀਵ ਬਖਸ਼ੀ ਨੂੰ ਪ੍ਰਦਾਨ ਕੀਤਾ ਗਿਆ। ਸਾਲ 2023 ਲਈ ਸੀਨੀਅਰ ਕਾਕ ਹਾਊਸ ਟਰਾਫੀ ਸਤਲੁਜ ਹਾਊਸ ਨੇ ਜਿੱਤੀ।
ਇਸ ਮੌਕੇ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਐਰੋਬਿਕਸ ਡਿਸਪਲੇ ਪੇਸ਼ ਕੀਤਾ। ਸਕੂਲ ਬੈਂਡ ਟੀਮ ਨੇ ਵੀ ਆਪਣੀ ਕਲਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪੀਪੀਐਸ ਰਾਈਡਰਾਂ ਨੇ ਆਪਣੀ ਅਦਭੁਤ ਕਲਾ ਨਾਲ ਸਮਾਗਮ ਨੂੰ ਚਾਰ ਚੰਨ ਲਾਏ।ਇਸ ਮੌਕੇ ਸੇਵਾਮੁਕਤ ਆਈ.ਏ.ਐਸ ਤੇ ਬੋਰਡ ਆਫ਼ ਗਵਰਨਰ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਜੈ ਸਿੰਘ ਗਿੱਲ ਸਮੇਤ ਬੋਰਡ ਦੇ ਹੋਰ ਮੈਂਬਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Latest News

Latest News

Leave a Reply

Your email address will not be published. Required fields are marked *