ਮੋਹਾਲੀ: 27 ਅਕਤੂਬਰ : ਦੇਸ਼ ਕਲਿੱਕ ਬਿਓਰੋ
ਆਜੀਵਿਕਾ ਸਰਸ ਮੇਲਾ ਜੋ ਸਾਹਿਬਜ਼ਾਦਾ ਅਜੀਤ ਸਿੰਘ ਜ਼ਿਲ੍ਹੇ ਵਿੱਚ ਮੋਹਾਲੀ ਦੀ ਧਰਤੀ ਉੱਤੇ ਪਹਿਲੀ ਵਾਰ ਲੱਗਿਆ, ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਨਵੀਂ ਸਵੇਰ ਦੀ ਦਸਤਕ ਦੇ, ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਜਗਾਰ ਕਰਨ ਦਾ ਸੁਨੇਹਾ ਦੇ ਗਿਆ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ (ਨੋਡਲ ਅਫਸਰ ਮੇਲਾ) ਦੀ ਅਗਵਾਈ ਵਿੱਚ ਅੱਜ ਦਾ ਦਿਨ “ਸਾਡਾ ਵਿਰਸਾ ਸਾਡਾ ਮਾਣ, ਅਸੀਂ ਸਿਰਜਾਂਗੇ ਰੰਗਲਾ ਪੰਜਾਬ” ਨੂੰ ਸਮਰਪਿਤ ਕੀਤਾ ਗਿਆ। ਅੱਜ ਮੰਚ ਤੋਂ ਜਿੰਨੀਆਂ ਵੀ ਪੇਸ਼ਕਾਰੀਆਂ ਕੀਤੀਆਂ ਗਈਆਂ ਜਾਂ ਮੇਲੇ ਵਿੱਚ ਵੱਖ-ਵੱਖ ਜਗ੍ਹਾ ਉੱਤੇ ਲੋਕ-ਨਾਚ ਅਤੇ ਲੋਕ-ਕਲਾਵਾਂ ਬਾਰੇ ਗੱਲ ਕੀਤੀ ਗਈ ਉੱਥੇ ਹਿੰਦੁਸਤਾਨ ਅਤੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਆਪਣੇ ਵਿਰਸੇ ਨੂੰ ਬਚਾਉਣ ਦੀ ਗੱਲ ਉੱਭਰ ਕੇ ਸਾਹਮਣੇ ਆਈ। ਸੱਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਮੁਖੀ ਵਿਭਾਗ ਸਿਵਲ ਇੰਜਨੀਅਰਿੰਗ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਨੇ ਦੱਸਿਆ ਕਿ ਅੱਜ ਜਿੰਨੀਆਂ ਵੀ ਪੇਸ਼ਕਾਰੀਆਂ ਕੀਤੀਆਂ ਗਈਆਂ ਉਨ੍ਹਾਂ ਵਿੱਚ ਅਹਿਦ ਲਿਆ ਗਿਆ ਕਿ ਜੇ ਰੰਗਲੇ ਪੰਜਾਬ ਦੀ ਸਿਰਜਣਾ ਕਰਨੀ ਹੈ ਇੱਥੋਂ ਦੇ ਨੌਜਵਾਨਾਂ ਨੂੰ ਕਲਾਕਾਰਾਂ ਨੂੰ ਆਪਣੇ ਹੁਨਰ ਵਿੱਚ ਵਿਰਾਸਤ ਨੂੰ ਨਿਖਾਰ ਕੇ ਪੇਸ਼ ਕਰਨਾ ਪਵੇਗਾ।
ਸਵੇਰ ਦੀ ਸੱਭਿਆਚਾਰਕ ਸਾਂਝ ਦੀ ਸ਼ੁਰੂਆਤ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਨੇ ਭੰਗੜਾ-ਲੁੱਡੀ, ਸੰਮੀ ਦੀ ਪੇਸ਼ਕਾਰੀ ਦੇ ਕੇ ਕੀਤੀ। ਉਸ ਤੋਂ ਬਾਅਦ ਭਾਰਤ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਲੋਕ-ਨਾਚਾਂ ਦਾ ਮੰਚਨ ਕੀਤਾ ਗਿਆ। ਹਰਿਆਣਾ, ਪੰਜਾਬ ਤੇ ਹਿਮਾਚਲ ਦੇ ਕਲਾਕਾਰ ਸਾਂਝੇ ਪੰਜਾਬ ਦੀਆਂ ਬਾਤਾਂ ਪਾਉਂਦੇ ਨਜ਼ਰ ਆਏ। ਸ਼ਾਮ ਵੇਲੇ ਲਗਾਤਾਰ 10 ਦਿਨ ਤੋਂ ਵੱਖ-ਵੱਖ ਲੋਕ ਮੁੱਦਿਆਂ ਤੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੇ ਗਰੁੱਪ ਵੱਲੋਂ ‘ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਅਸੀਂ ਨਾ ਪਾਈ ਤੇ ਕੌਣ ਪਾਊ ਬਾਤ’ ਨਾਟਕ ਲੋਕਾਂ ਦੇ ਰੂਬਰੂ ਕੀਤਾ ਗਿਆ।
ਮੇਲਾ ਦੇਖਣ ਆਏ ਮੇਲੀਆਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪ੍ਰਸ਼ਾਸਨ ਦੀ ਜਿੱਥੇ ਮੇਲਾ ਲਗਾਉਣ ਦੀ ਸ਼ਲਾਘਾ ਕੀਤੀ ਉੱਥੇ ਵੱਖ-ਵੱਖ ਲੋਕ ਮੁੱਦਿਆਂ ਨੂੰ ਛੋਹ ਕੇ ਪੰਜ ਦਰਿਆਵਾਂ ਦੀ ਧਰਤੀ ਨੂੰ ਬਚਾਉਣ ਦੀ ਪ੍ਰੋੜਤਾ ਵੀ ਕੀਤੀ ਗਈ। ਮੇਲਾ ਦੇਖਣ ਆਏ ਮੇਲੀਆਂ ਵਿੱਚੋਂ ਗੁਰਮੀਤ ਸਿੰਘ, ਸਵੀ ਸ਼ਰਮਾ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ ਜਵੰਧਾ ਆਈ.ਸੀ.ਆਈ.ਸੀ ਬੈਂਕ ਅਤੇ ਨੁੱਕੜ ਨਾਟਕ ਦੀ ਲੇਖਿਕਾ ਸੌਦਾਮਨੀ ਕਪੂਰ ਵੱਲੋਂ ਮੇਲੇ ਵਿੱਚ ਕੀਤੇ ਗਏ ਪ੍ਰਬੰਧਾਂ ਅਤੇ ਵੱਖ-ਵੱਖ ਦਸਤਕਾਰਾਂ ਵੱਲੋਂ ਤਿਆਰ ਵਸਤਾਂ ਮੋਹਾਲੀ ਵਾਸੀਆਂ ਨੂੰ ਸਮਰਪਿਤ ਕਰਨ ਲਈ ਜ਼ਿਲ੍ਹਾਂ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਇੱਛਾ ਜਤਾਈ ਕਿ ਰੰਗਲੇ ਪੰਜਾਬ ਨੰ ਅਮਲੀ ਜਾਮਾ ਪਹਿਨਾਉਣ ਲਈ ਹਰ ਵਰ੍ਹੇ ਇਸ ਤਰ੍ਹਾਂ ਦੇ ਮੇਲੇ ਪੰਜਾਬ ਵਿੱਚ ਲੱਗਦੇ ਰਹਿਣ।