ਫਰੀਦਕੋਟ, 28 ਅਕਤੂਬਰ, ਦੇਸ਼ ਕਲਿੱਕ ਬਿਓਰੋ
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਬੇਸ਼ੱਕ ਵਿਧਾਇਕ ਬਣਨ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀ ਬਣ ਗਏ ਪਰ ਹਾਲੇ ਵੀ ਉਹਨਾਂ ਦੇ ਦਿਲ ਅੰਦਰ ਇੱਕ ਡਾਕਟਰ ਹੋਣ ਦਾ ਜਜ਼ਬਾ ਵਸਦਾ ਹੈ। ਉਹ ਅੱਜ “ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਦੁਆਰਾ ਸਥਾਨਕ ਡਾਕਟਰ ਬਲਜੀਤ ਆਈ ਕੇਅਰ ਸੈਂਟਰ ਰਾਇਲ ਸਿਟੀ ਚਾਹਲ ਰੋਡ, ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਵਿੱਚ ਪਹੁੰਚੇ ਤਾਂ ਕੈਂਪ ਦੇ ਉਦਘਾਟਨ ਕਰਨ ਤੋਂ ਬਾਅਦ ਉਹ ਵੀ ਡਾਕਟਰਾਂ ਦੀ ਟੀਮ ਦੇ ਨਾਲ ਹਾਜ਼ਰ ਲੋਕਾਂ ਦੀਆਂ ਅੱਖਾਂ ਦੇ ਖੁਦ ਚੈੱਕ ਅਪ ਕਰਦੇ ਦਿਖਾਈ ਦਿੱਤੇ। ਜਿਕਰਯੋਗ ਹੈ ਕਿ ਡਾ. ਬਲਜੀਤ ਕੌਰ ਖੁਦ ਅੱਖਾਂ ਦੇ ਮਾਹਰ ਡਾਕਟਰ ਹਨ ਅਤੇ ਅਤੇ ਫਰੀਦਕੋਟ , ਸ੍ਰੀ ਮੁਕਤਸਰ ਸਾਹਿਬ ਦੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦਾ ਇਲਾਜ ਉਹਨਾਂ ਨੇ ਕੀਤਾ ਹੈ। ਅੱਜ ਵੀ ਜਦੋਂ ਇਸ ਕੈਂਪ ਦੇ ਉਦਘਾਟਨ ਲਈ ਪਹੁੰਚੇ ਤਾਂ ਉਦਘਾਟਨ ਤੋਂ ਬਾਅਦ ਡਾਕਟਰੀ ਟੀਮ ਦੇ ਨਾਲ ਬੈਠ ਕੇ ਉਹਨਾਂ ਨੇ ਇੱਥੇ ਮਰੀਜ਼ਾਂ ਦੀਆਂ ਅੱਖਾਂ ਦੀ ਖੁਦ ਜਾਂਚ ਕੀਤੀ ।
ਇਸ ਤੋਂ ਪਹਿਲਾਂ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਲਈ ਫਰੀਦਕੋਟ ਜ਼ਿਲ੍ਹਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਹਮੇਸ਼ਾ ਆਪਣੇ ਲੋਕਾਂ ਨੂੰ ਸਮਰਪਿਤ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਜਿੱਥੇ ਯਤਨ ਕਰ ਰਹੀ ਹੈ, ਉਥੇ ਸਮਾਜਿਕ ਤੌਰ ਤੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲੱਗਣ ਨਾਲ ਅਸੀਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਟੀਚੇ ਦੀ ਪ੍ਰਾਪਤੀ ਵੱਲ ਵਧ ਰਹੇ ਹਾਂ।
ਅੱਜ ਦੇ ਇਸ ਕੈਂਪ ਦਾ ਆਯੋਜਨ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 400 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਇਸ ਦੌਰਾਨ ਐਨਕਾਂ ਅਤੇ ਅੱਖਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ ।
ਇਸ ਕੈਂਪ ਦੌਰਾਨ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ,ਰਾਹੁਲ ਕੁਮਾਰ, ਸੁਮੀਤ ਸਿੰਘ,ਸਾਬਕਾ ਪ੍ਰਧਾਨ ਕਾਕਾ ਉੜਾਂਗ,ਅਰਦਾਸ ਕੌਰ, ਪਰਮਿੰਦਰ ਸਿੰਘ, ਮੀਨਾ ਰਾਣੀ, ਭਵਕੀਰਤ ਸਿੰਘ ਸੰਧੂ, ਅਰਵਿੰਦਰਪਾਲ ਸਿੰਘ ਬੂੜਾ ਗੁੱਜਰ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਹੈਪੀ, ਭਾਵਨਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।