ਡੀਜੀਪੀ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ
ਚੰਡੀਗੜ੍ਹ, 28 ਅਕਤੂਬਰ, ਦੇਸ਼ ਕਲਿੱਕ ਬਿਓਰੋ :
Gangster Lawrence Bishnoi ਇੰਟਰਵਿਊ ਮਾਮਲੇ ‘ਚ ਅੱਜ ਪੰਜਾਬ-ਹਰਿਆਣਾ ਹਾਈਕੋਰਟ ਸੁਣਵਾਈ ਹੋਈ। ਸੁਣਵਾਈ ਦੌਰਾਨ ਮਾਨਯੋਗ ਹਾਈਕੋਰਟ ਨੇ ਕਿਹਾ ਕਿ ਡੀਜੀਪੀ ਨੂੰ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਦੌਰਾਨ ਲਾਰੈਂਸ ਬਿਸ਼ਨੋਈ ਨੂੰ ਵਾਰ-ਵਾਰ ਇੱਥੇ ਕਿਉਂ ਲਿਆਂਦਾ ਗਿਆ ਸੀ। ਹਾਈਕੋਰਟ ਵੱਲੋਂ ਇਹ ਵੀ ਪੁੱਛਿਆ ਕਿ ਇੰਟਰਵਿਊ ਮਾਮਲੇ ਵਿੱਚ ਐਸਐਸਪੀ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈੇ? ਹਾਈਕੋਰਟ ਨੇ ਪੁਲਿਸ ਖਿਲਾਫ ਸਖਤੀ ਦਿਖਾਉਂਦਿਆਂ ਸ੍ਰੀ ਪ੍ਰਬੋਧ ਕੁਮਾਰ ਸਪੈਸ਼ਲ DGP ਦੀ ਅਗਵਾਈ ‘ਚ ਸਿਟ ਦਾ ਗਠਨ ਕਰ ਦਿੱਤਾ ਹੈ ਜਿਸ ਨੂੰ ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਸੰਬੰਧੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਹਾਈਕੋਰਟ ਵਿੱਚ ਏਜੀ ਵੱਲੋਂ ਕਿਹਾ ਗਿਆ ਕਿ ਐਸਐਸਪੀ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਸੀ, ਤਾਂ ਹਾਈਕੋਰਟ ਨੇ ਕਿਹਾ, ਐਸਐਸਪੀ ਨੂੰ ਕਿਵੇਂ ਨਹੀਂ ਪਤਾ ਲੱਗਾ ਕਿ ਲਾਰੈਂਸ ਨਾਲ ਇੰਨਾ ਵੱਡਾ ਕਾਫਲਾ ਸਫਰ ਕਰਦਾ ਹੈ?
ਹਾਈਕੋਰਟ ਨੇ ਕਿਹਾ ਕਿ ਸੀਨੀਅਰ ਅਫਸਰਾਂ ਖਿਲਾਫ ਵੀ ਵਿਭਾਗੀ ਕਾਰਵਾਈ ਕੀਤੀ ਜਾਵੇ। ਜੇਕਰ ਸਰਕਾਰ ਸੀਨੀਅਰ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ, ਤਾਂ ਲੱਗਦਾ ਹੈ ਕਿ ਹੁਣ ਸਾਨੂੰ ਕਾਰਵਾਈ ਲਈ ਹੁਕਮ ਦੇਣੇ ਪੈਣਗੇ। ਅਦਾਲਤ ਨੇ ਕਿਹਾ ਕਿ ਜਦੋਂ ਸੀਨੀਅਰ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਹਾਈਕੋਰਟ ਨੇ ਕਿਹਾ, ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਸਿਰਫ ਮਾਮੂਲੀ ਅਫਸਰਾਂ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ। ਸਾਡੇ ਹੁਕਮਾਂ ਦੇ ਬਾਵਜੂਦ ਐਸਐਸਪੀ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ?