ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ- ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ ਸ੍ਰੀ ਰਾਜ ਕੁਮਾਰ ਅਤੇ ਸੀ.ਜੀ.ਐੱਮ/ਸਕੱਤਰ ਡਾ. ਗਗਨਦੀਪ ਕੌਰ ਸ੍ਰੀ ਮੁਕਤਸਰ ਸਾਹਿਬ ਵੱਲੋ ਅੱਜ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬਵਿੱਚ ਬੰਦ ਕੈਦੀਆਂ/ਹਵਾਲਾਤੀਆਂ ਨਾਲ ਦੀਵਾਲੀ ਦਾ ਤਿਉਹਾਰ ਅਤੇ ਨਸ਼ਾ ਨਾ ਕਰਨ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਤੇ ਸੀ.ਜੀ.ਐੱਮ/ਸਕੱਤਰ ਵੱਲੋ ਜੇਲ੍ਹ ਵਿਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਸਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਸੈਸ਼ਨ ਜੱਜ ਵੱਲੋ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਜੋ ਜੇਲ੍ਹ ਵਿੱਚ ਰਜਿਸਟਰ ਲਗਾਏ ਗਏ ਹਨ, ਉਹਨਾਂ ਦੀ ਚੈਕਿੰਗ ਕੀਤੀ ਅਤੇ ਰਜਿਸਟਰ ਵਿੱਚ ਦਰਜ ਹਵਾਲਾਤੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਬਣਦੀ ਕਾਨੂੰਨੀ ਸਹਾਇਤਾ ਮੁੱਹਈਆ ਕਰਵਾਈ ਗਈ ਅਤੇ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ-ਫ੍ਰੀ 15100 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ
ਇਸ ਮੌਕੇ ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋ ਜੇਲ੍ਹ ਦੌਰਾਨ ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਦਾ ਵੀ ਚੈੱਕਅੱਪ ਕੀਤਾ ਅਤੇ ਉਹਨਾ ਨੇ ਕੈਦੀਆਂ/ਹਵਾਲਾਤੀਆੰ ਨੂੰ ਅਪੀਲ ਕੀਤੀ ਕਿ ਉਹਨਾ ਨੂੰ ਜੋ ਵੀ ਦਵਾਈ ਦੀ ਜਰੂਰਤ ਹੈ, ਉਹ ਜਲਦ ਹੀ ਮੁਹੱਈਆ ਕਰਵਾਈ ਜਾਵੇਗੀ।
ਜ਼ਿਲ੍ਹਾ ਜੇਲ ਵੱਲੋ ਦੀਵਾਲੀ ਦੇ ਤਿਉਹਾਰ ਮੌਕੇ ’ਤੇ ਜੇਲ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਵੋਰੀਅਰ ਭੰਗੜਾ ਅਕੈਡਮੀ ਦੋਦਾ ਦੇ ਨੌਜਵਾਨਾ ਵੱਲੋ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ, ਇਸ ਤੋ ਇਲਾਵਾ ਸ਼ਨੀ ਦੇਵ ਮਹਾਂ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਗਾਂਧੀ ਅਤੇ ਸਮੇਤ ਟੀਮ ਵੱਲੋ ਜੇਲ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਨੂੰ ਮਠਿਆਈ ਵੰਡੀ ਗਈ।
ਇਸ ਤੋਂ ਇਲਾਵਾ ਪ੍ਰੋਫੈਸਰ ਨਛੱਤਰ ਸਿੰਘ ਨੂਰ ਵੱਲੋ ਸੱਭਿਆਚਾਰਕ ਗੀਤ ਪੇਸ਼ ਕੀਤਾ ਗਿਆ ਅਤੇ ਜ਼ਿਲ੍ਹਾ ਜੇਲ ਵਿੱਚ ਬੰਦ ਕੈਦੀਆਂ/ਹਵਾਲਾਤੀਆ ਵੱਲੋ ਨਸ਼ਾ ਨਾ ਕਰਨ ਸਬੰਧੀ ਇੱਕ ਪੰਜਾਬੀ ਗੀਤ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇ ਰਹੀ ਸੀ ਕਿ ਨਸ਼ੇ ਨਾਲ ਕਿੰਨੇ ਪਰਿਵਾਰਾਂ ਦੇ ਬੱਚੇ ਤਬਾਹ ਹੋ ਗਏ ਅਤੇ ਪੰਜਾਬ ਦੇ ਹਰੇਕ ਘਰ ਵਿੱਚ ਕੋਈ ਨਾ ਕੋਈ ਨੌਜਵਾਨ ਨਸ਼ੇ ਨਾਲ ਗ੍ਰਸਤ ਚੱਲ ਰਿਹਾ ਹੈ, ਜਿਸ ਨੂੰ ਅੱਜ ਦੇ ਸਮੇਂ ਵਿੱਚ ਜਾਗਰੂਕ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਲਾਹਨਤ ਤੋਂ ਬਚਾਉਣਾ ਹੈ ਤਾਂ ਜੋ ਉਹਨਾਂ ਨੂੰ ਚੰਗੇ ਪਾਸੇ ਲਾ ਸਕੀਏ।
ਸੁਪਰਡੈਂਟ ਜਿਲਾ ਜੇਲ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਨਵਦੀਪ ਸਿੰਘ ਵੈਨੀਵਾਨ ਵੱਲੋ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਹਾਜ਼ਰ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਉਹਨਾ ਨੇ ਜੇਲ ਵਿੱਚ ਕੀਤੇ ਗਏ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਸਟਾਫ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਚੌਹਾਨ, ਚੀਫ ਡਿਫੈਂਸ ਕੌਂਸਲ ਅਤੇ ਸ੍ਰੀ ਰਾਜਿੰਦਰ ਪਾਲ ਸ਼ਰਮਾ, ਡਿਪਟੀ ਚੀਫ ਕੌਂਸਲ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।