ਸਰਕਾਰੀ ਅਧਿਆਪਕ ਖਿਲਾਫ ਚੱਲੇਗਾ ਛੇੜਛਾੜ ਦਾ ਕੇਸ
ਨਵੀਂ ਦਿੱਲੀ, 7 ਨਵੰਬਰ, ਦੇਸ਼ ਕਲਿੱਕ ਬਿਓਰੋ :
ਸੁਪਰੀਮ ਕੋਰਟ ਵੱਲੋਂ ਅੱਜ ਨਾਬਾਲਗ ਨਾਲ ਛੇੜਛਾੜ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਗਿਆ। ਸੁਪਰੀਮ ਕੋਰਟ ਨੇ ਰਾਜਸਥਾਨ ਵਿੱਚ ਇਕ ਨਾਬਾਲਗ ਲੜਕੀ ਨਾਲ ਹੋਈ ਛੇੜਛਾੜ ਦੇ ਮਾਮਲੇ ਵਿੱਚ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ ਸਮਝੌਤੇ ਦੇ ਆਧਾਰ ਉਤੇ ਐਫਆਈਆਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿ ਆਰੋਪੀ ਅਧਿਆਪਕ ਖਿਲਾਫ ਐਫਆਈਆਰ ਅਤੇ ਕਾਨੂੰਨੀ ਕਾਰਵਾਈ ਫਿਰ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਹਾਈਕੋਰਟ ਦੇ ਐਫਆਈਆਰ ਰੱਦ ਕਰਨ ਦੇ ਫੈਸਲੇ ਨੂੰ ਬਦਲ ਦਿੱਤਾ।
ਜ਼ਿਕਰਯੋਗ ਹੈ ਕਿ 2023 ਵਿੱਚ ਰਾਜਸਥਾਨ ਦੇ ਗੰਗਾਪੁਰ ਸ਼ਹਿਰ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਨੇ ਇਕ ਨਾਬਾਲਗ ਵਿਦਿਆਰਥਣ ਨਾਲ ਛੇੜਛਾੜ ਕੀਤੀ ਸੀ। ਇਸ ਉਤੇ ਨਾਬਾਲਗ ਦੀ ਸ਼ਿਕਾਇਤ ਉਤੇ ਪਾਕਸੋ ਅਤੇ ਐਸਸੀ/ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੀੜਤਾ ਦਾ ਬਿਆਨ ਵੀ ਦਰਜ ਕੀਤਾ ਗਿਆ ਸੀ, ਪ੍ਰੰਤੂ ਬਾਅਦ ਵਿੱਚ ਆਰੋਪੀ ਅਧਿਆਪਕ ਨੇ 500 ਰੁਪਏ ਦੇ ਸਟਾਪ ਪੇਪਰ ਵੁਤੇ ਪੀੜਤ ਪੱਖ ਤੋਂ ਇਹ ਲਿਖਵਾ ਲਿਆ ਕਿ ਅਧਿਆਪਕ ਖਿਲਾਫ ਪੀੜਤਾ ਨੇ ਗਲਤਫਹਿਮੀ ਵਿੱਚ ਮੁਕਦਮਾ ਦਰਜ ਕਰਵਾ ਦਿੱਤਾ ਸੀ ਅਤੇ ਹੁਣ ਆਰੋਪੀ ਅਧਿਆਪਕ ਖਿਲਾਫ ਕੋਈ ਕਾਰਵਾਈ ਨਹੀਂ ਚਾਹੁੰਦੀ। ਪੁਲਿਸ ਨੇ ਇਸ ਸਮਝੌਤੇ ਦੇ ਆਧਾਰ ਉਤੇ ਫਾਈਨਲ ਰਿਪੋਰਟ ਲਗਾ ਦਿੱਤੀ ਸੀ ਪ੍ਰੰਤੂ ਹੇਠਲੀ ਅਦਾਲਤ ਨੇ ਪੁਲਿਸ ਦੀ ਰਿਪੋਰਟ ਰੱਦ ਕਰ ਦਿੱਤੀ ਸੀ।
ਹੇਠਲੀ ਅਦਾਲਤ ਦੇ ਫੈਸਲੇ ਨੂੰ ਆਰੋਪੀ ਨੇ ਰਾਜਸਥਾਨ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ ਆਰੋਪੀ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਐਫਆਈਆਰ ਰੱਦ ਕਰਨ ਦੇ ਹੁਕਮ ਦਿੱਤੇ ਸਨ। ਹਾਈਕੋਰਟ ਦੇ ਫੈਸਲੇ ਨੂੰ ਇਕ ਸਮਾਜਸੇਵੀ ਰਾਮਜੀ ਲਾਲ ਬੇਰਵਾ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਨੇ ਵੀ ਪਟੀਸ਼ਨ ਦਾਖਿਲ ਕੀਤੀ ਸੀ।