ਭਾਕਿਯੂ ਉਗਰਾਹਾਂ ਵੱਲੋਂ 14 ਨਵੰਬਰ ਤੋਂ ਝੋਨਾ ਖਰੀਦ ‘ਚ ਅੜਿੱਕਿਆਂ ਵਾਲੀਆਂ ਮੰਡੀਆਂ ਵਿੱਚ ਜ਼ੋਰਦਾਰ ਧਰਨੇ ਦੇਣ ਦਾ ਐਲਾਨ

ਪੰਜਾਬ

ਦਲਜੀਤ ਕੌਰ 

ਚੰਡੀਗੜ੍ਹ, 12 ਨਵੰਬਰ, 2024: ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੀ ਪੰਜ ਮੈਂਬਰੀ ਸੂਬਾ ਆਗੂ ਟੀਮ ਨੇ ਫੈਸਲਾ ਕੀਤਾ ਹੈ ਕਿ 13 ਨਵੰਬਰ ਸ਼ਾਮ ਤੋਂ ਟੌਲ ਫ੍ਰੀ ਮੋਰਚੇ ਖਤਮ ਕਰਕੇ 14 ਤੋਂ ਝੋਨੇ ਦੀ ਖ੍ਰੀਦ ‘ਚ ਅੜਿੱਕਿਆਂ ਵਾਲੀਆਂ ਮੰਡੀਆਂ ਵਿੱਚ ਜ਼ੋਰਦਾਰ ਧਰਨੇ ਅਤੇ ਗਿੱਦੜਬਾਹਾ ਤੇ ਬਰਨਾਲਾ ਦੇ ਚੋਣ ਹਲਕਿਆਂ ਦੇ ਸ਼ਹਿਰਾਂ/ਪਿੰਡਾਂ ਵਿੱਚ ਵੋਟ ਪਾਰਟੀਆਂ ਵਿਰੁੱਧ ਜ਼ੋਰਦਾਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। 

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅਜੇ ਵੀ ਬਹੁਤ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਬੇਕਦਰੀ ਅਤੇ ਕਟੌਤੀਆਂ ਰਾਹੀਂ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਸੂਬਾ ਆਗੂ ਟੀਮ ਵੱਲੋਂ ਬੀਤੀ ਰਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਲੰਗਰ ਛਕ ਰਹੇ ਸ਼ਾਂਤਮਈ ਧਰਨਾਕਾਰੀ ਕਿਸਾਨਾਂ ਉੱਤੇ ਯੋਗ ਸਿਵਲ ਅਧਿਕਾਰੀ ਦੇ ਹੁਕਮ ਤੋਂ ਬਿਨਾਂ ਚਿਤਾਵਨੀ ਦਿੱਤੇ ਬਗੈਰ ਹੀ ਲਾਠੀਚਾਰਜ ਕਰਕੇ ਕਈਆਂ ਨੂੰ ਜ਼ਖ਼ਮੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਧਰਨੇ ਤੋਂ ਸੈਂਕੜੇ ਮੀਟਰ ਦੂਰ ਖੜ੍ਹੀਆਂ ਪੁਲਸੀ ਗੱਡੀਆਂ ਦੇ ਸ਼ੀਸ਼ੇ ਖੁਦ ਭੰਨ ਕੇ ਉਲਟਾ ਕਿਸਾਨਾਂ ਵਿਰੁੱਧ ਹੀ ਝੂਠੇ ਕੇਸ ਦਰਜ ਕੀਤੇ ਗਏ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਵਿਰੁੱਧ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਬਿਨਾਂ ਵਜ੍ਹਾ ਲਾਠੀਚਾਰਜ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਮੱਸਿਆਵਾਂ ਗ੍ਰਸਤ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਰੋਕਣ ਲਈ ਜ਼ੋਰਦਾਰ ਜਨਤਕ ਯਤਨ ਜੁਟਾਏ ਜਾਣ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਜਿੱਥੇ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੀ ਨੀਤੀ ਤਹਿਤ ਕਿਸਾਨਾਂ ਦੀ ਅੰਨ੍ਹੀ ਲੁੱਟ ਕਰਵਾਉਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ ਉੱਥੇ ਛੋਟੇ ਦੁਕਾਨਦਾਰਾਂ ਵਪਾਰੀਆਂ ਤੇ ਸਨਅਤਕਾਰਾਂ ਦੇ ਕਾਰੋਬਾਰ-ਉਜਾੜੇ ਤੇ ਬੇਰੁਜ਼ਗਾਰੀ ਲਈ ਵੀ ਦਿਓਕੱਦ ਈ-ਕਾਮਰਸ ਕੰਪਨੀਆਂ ਦੇ ਸ਼ਾਪਿੰਗ ਮਾਲ ਅਤੇ ਨਿੱਜੀਕਰਨ ਨੀਤੀਆਂ ਹੀ ਜ਼ਿੰਮੇਵਾਰ ਹਨ। ਇਸ ਲਈ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਸਮੇਤ ਸਮੂਹ ਕਿਰਤੀ ਲੋਕਾਂ ਦੇ ਸਾਂਝੇ ਜਨਤਕ ਸੰਘਰਸ਼ ਹੀ ਇਸ ਚੌਤਰਫੀ ਲੁੱਟ ਖਸੁੱਟ ਨੂੰ ਰੋਕ ਸਕਦੇ ਹਨ। ਇਹ ਸੰਦੇਸ਼ ਦਿੰਦੇ ਜਥੇਬੰਦੀ ਵੱਲੋਂ ਛਪੇ ਹੋਏ ਪਰਚੇ ਵੀ ਪ੍ਰਚਾਰ ਮੁਹਿੰਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਘਰ ਘਰ ਵੰਡੇ ਜਾਣਗੇ। 

Latest News

Latest News

Leave a Reply

Your email address will not be published. Required fields are marked *