ਲੁਧਿਆਣਾ, 13 ਨਵੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਨਸ਼ੇ ਦੀ ਪੂਰਤੀ ਲਈ ਪੜ੍ਹੇ-ਲਿਖੇ ਨੌਜਵਾਨ ਵੀ ਲੁੱਟਾਂ-ਖੋਹਾਂ ਵਰਗੇ ਜੁਰਮ ਕਰਨ ’ਤੇ ਤੁਲੇ ਹੋਏ ਹਨ। ਪੁਲਿਸ ਨੇ ਪੱਖੋਵਾਲ ਰੋਡ ‘ਤੇ ਸਨੈਚਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਬੀਤੀ ਰਾਤ ਪੁਲੀਸ ਨੇ ਦੋਵਾਂ ਬਦਮਾਸ਼ਾਂ ਦਾ ਮੈਡੀਕਲ ਕਰਵਾਇਆ। ਦਰਅਸਲ, ਜਦੋਂ ਦੋਵੇਂ ਬਦਮਾਸ਼ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ‘ਤੇ ਭੱਜਣ ਲੱਗੇ ਤਾਂ ਬੱਡੇਵਾਲ ਰੋਡ ’ਤੇ ਉਨ੍ਹਾਂ ਦਾ ਟਾਇਰ ਫਿਸਲ ਗਿਆ।ਬਦਮਾਸ਼ਾਂ ਦਾ ਪਿੱਛਾ ਕਰ ਰਹੀ ਪੁਲਿਸ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਹਾਦਸੇ ‘ਚ ਇਕ ਨੌਜਵਾਨ ਦੀ ਲੱਤ ਟੁੱਟ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਲੁਟੇਰਿਆਂ ਨੇ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ‘ਚ ਕੈਮਰੇ ‘ਤੇ ਆਪਣਾ ਗੁਨਾਹ ਕਬੂਲ ਕਰ ਲਿਆ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਲੁਟੇਰੇ ਨੇ ਆਪਣਾ ਨਾਂ ਹਨੀ ਮੈਥਿਊ ਦੱਸਿਆ। ਉਸ ਨੇ ਦੱਸਿਆ ਕਿ ਉਹ ਪਹਿਲੀ ਵਾਰ ਆਪਣੇ ਦੋਸਤ ਦਲਜਿੰਦਰ ਨਾਲ ਸਨੈਚਿੰਗ ਕਰਨ ਆਇਆ ਸੀ। ਅਚਾਨਕ ਬਾਈਕ ਦਾ ਟਾਇਰ ਫਿਸਲਣ ਕਾਰਨ ਉਹ ਡਿੱਗ ਗਿਆ ਅਤੇ ਲੋਕਾਂ ਦੀ ਮਦਦ ਨਾਲ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਹਨੀ ਨੇ ਦੱਸਿਆ ਕਿ ਉਹ ਪੜ੍ਹਿਆ ਲਿਖਿਆ ਨੌਜਵਾਨ ਹੈ। ਉਸ ਨੇ ਡਿਪਲੋਮਾ ਕੀਤਾ ਹੋਇਆ ਹੈ। ਨਸ਼ੇ ਦੀ ਲਤ ਕਾਰਨ ਉਹ ਲੁੱਟ-ਖੋਹ ਵਰਗੇ ਜੁਰਮ ਕਰਨ ਲੱਗ ਪਿਆ ਹੈ। ਉਸ ਦੇ ਸਾਥੀ ਦਲਜਿੰਦਰ ਖ਼ਿਲਾਫ਼ ਪਹਿਲਾਂ ਵੀ ਕਰੀਬ 4 ਕੇਸ ਦਰਜ ਹਨ। ਦੂਜੇ ਪਾਸੇ ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਨੀ ਮੈਥਿਊ ਅਤੇ ਦਲਜਿੰਦਰ ਵਜੋਂ ਹੋਈ ਹੈ।