ਦਲਜੀਤ ਕੌਰ
ਸੰਗਰੂਰ, 17 ਨਵੰਬਰ, 2024: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜਨ ਚ ਮੰਡੀਆ ‘ਚ ਮਜ਼ਦੂਰਾਂ ਦੀ ਬਹੁਤ ਜਿਆਦਾ ਸੋਸ਼ਣ ਤੇ ਖੱਜਲ ਖੁਆਰੀ ਹੋ ਰਹੀ ਹੈ, ਜਿਸ ਦੀ ਤਾਜਾ ਮਿਸਾਲ ਲਹਿਰਾਗਾਗਾ ਦੀ ਰਾਇਧਰਾਣਾ ਦੀ ਅਨਾਜ ਮੰਡੀ ਚ ਦੇਖੀ ਜਾ ਸਕਦੀ ਹੈ, ਜਿਥੇ ਕਿਸਾਨਾਂ ਦੀ ਵੱਡੇ ਪੱਧਰ ਤੇ ਬੇਕਦਰੀ ਹੈ ਓਥੇ ਹੀ ਮਜ਼ਦੂਰਾਂ ਤੇ ਪ੍ਰਵਾਸੀ ਮਜ਼ਦੂਰਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਮਜ਼ਦੂਰ ਪਿੱਛਲੇ ਕਈ ਮਹੀਨੇ ਤੋਂ ਲਗਾਤਾਰ ਮੰਡੀਆ ‘ਚ ਕੰਮ ਦੀ ਉਡੀਕ ਚ ਬੈਠੇ ਹਨ, ਪਰ ਝੋਨੇ ਦੀ ਨਮੀ ਦਾ ਬਹਾਨਾ ਲਾ ਕੇ ਪ੍ਰਸ਼ਾਸਨ ਨੇ ਲਿਫਟਿੰਗ ਰੋਕੀ ਹੋਈ ਹੈ। ਜਿਸ ਨਾਲ ਮਜਦੂਰਾਂ ਦੀ ਰੋਜ਼ੀ ਰੋਟੀ ਦਾ ਵੀ ਵਕਤ ਪਿਆ ਹੋਇਆ ਹੈ। ਪ੍ਰਵਾਸੀ ਮਜ਼ਦੂਰਾਂ ਦਾ ਹੱਦ ਤੋਂ ਜਿਆਦਾ ਬੁਰਾ ਹਾਲ ਹੈ। ਮੰਡੀਆ ‘ਚ ਮਜ਼ਦੂਰਾਂ ਲਈ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ। ਸੋ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਤਿੰਨ ਕੈਬਨਿਟ ਮੰਤਰੀਆ ਦੇ ਹੋਣ ਦੇ ਬਾਵਜੂਦ ਮਜ਼ਦੂਰਾਂ ਦੀ ਹੋ ਰਹੀ ਬੇਕਦਰੀ ਤੁਰੰਤ ਬੰਦ ਕਰਵਾਈ ਜਾਵੇ। ਉਨ੍ਹਾਂ ਕਿਹਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਲਦੀ ਹੀ ਮਜ਼ਦੂਰਾਂ ਨੂੰ ਲਾਮਬੰਦੀ ਕਰਕੇ ਸੰਘਰਸ਼ ਕੀਤਾ ਜਾਵੇਗਾ।