ਅੰਮ੍ਰਿਤਸਰ, 19 ਨਵੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ‘ਚ ਪੇਸ਼ੀ ਲਈ ਆਇਆ ਇਕ ਕੈਦੀ ਸੋਮਵਾਰ ਸ਼ਾਮ ਨੂੰ ਅਦਾਲਤ ‘ਚੋਂ ਫਰਾਰ ਹੋ ਗਿਆ। ਪੁਲਿਸ ਉਸ ਨੂੰ ਜੇਲ੍ਹ ਤੋਂ ਪੇਸ਼ੀ ਲਈ ਲੈ ਆਈ। ਪਰ ਪੇਸ਼ੀ ਤੋਂ ਪਹਿਲਾਂ ਹੀ ਉਹ ਪੁਲਿਸ ਤੋਂ ਹੱਥ ਛੁਡਵਾ ਕੇ ਭੱਜ ਗਿਆ। ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਥਾਣਾ ਸਿਵਲ ਲਾਈਨ ਨੂੰ ਦਿੱਤੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠਾ ਰੋਡ ਦੇ ਰਹਿਣ ਵਾਲੇ ਗੋਪਾਲ ਸਿੰਘ ਨੂੰ ਥਾਣਾ ਸਦਰ ਦੀ ਪੁਲੀਸ ਨੇ ਘਰ ਵਿੱਚ ਵੜ ਕੇ ਭੰਨ-ਤੋੜ ਕਰਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 305 ਅਤੇ 331 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੇਸ਼ੀ ਦੌਰਾਨ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪਰ ਇਸ ਦੌਰਾਨ ਉਹ ਪਾਣੀ ਪੀਣ ਦੇ ਬਹਾਨੇ ਪੁਲਿਸ ਤੋਂ ਹੱਥ ਛੁਡਾ ਕੇ ਭੱਜ ਗਿਆ।
ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਤੋਂ ਹੱਥ ਛੁਡਾ ਕੇ ਭੀੜ ‘ਚ ਵੜ ਗਿਆ। ਜਿੱਥੇ ਉਹ ਭੀੜ ਦਾ ਫਾਇਦਾ ਉਠਾ ਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਉਸਦੀ ਭਾਲ ਜਾਰੀ ਹੈ। ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਇੱਕ ਹੋਰ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।