ਪਟਿਆਲਾ / ਚੰਡੀਗੜ੍ਹ, 21 ਨਵੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਦੇ ਯਤਨਾ ਸਦਕਾ ਪਟਿਆਲਾ ਵਿੱਚ ਮੱਛੀ ਵਿਕਰੇਤਾਵਾਂ ਦੀ ਮੱਛੀ ਮਾਰਕੀਟ ਬਣਾਉਣ ਦੀ ਮੰਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ। ਜਿਸ ਨਾਲ ਮੱਛੀ ਪਾਲਕਾਂ ਅਤੇ ਕਾਰੋਬਾਰੀਆਂ ਦਾ ਹੁਣ ਵਪਾਰ ਕਰਨਾ ਸੌਖਾ ਹੋ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗੁਵਾਈ ਵਿੱਚ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਕਾਰਜ ਕਰਨ ਲਈ ਵਚਨਬੱਧ ਹੈ। ਜਿਸ ਤੇ ਚਲਦਿਆਂ ਹੀ ਪਟਿਆਲਾ ਦੇ ਘਲੋੜੀ ਵਿਖੇ ਨਵੀਂ ਮੱਛੀ ਮੰਡੀ ਬਣਾਈ ਗਈ ਹੈ। ਜਿਸਨੂੰ ਥੋਕ ਮੰਡੀ ਵਜੋਂ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਮੱਛੀ ਵਿਕਰੇਤਾਵਾਂ ਕੋਲ ਕਾਰੋਬਾਰ ਕਰਨ ਲਈ ਕੋਈ ਠਿਕਾਨਾ ਨਹੀਂ ਸੀ। ਜਿੱਥੇ ਵੀ ਇਹ ਕਾਰੋਬਾਰ ਕਰਦੇ ਸਨ, ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਨਾ ਹੀ ਸਾਫ-ਸਫਾਈ ਹੁੰਦੀ ਸੀ। ਸੜਕਾਂ ਤੇ ਮੱਛੀਆਂ ਵੇਚੀਆਂ ਜਾਂਦੀਆਂ ਸੀ। ਸਾਫ-ਸਫਾਈ ਨਾ ਹੋਣ ਕਰਕੇ ਲੋਕ ਉੱਥੋਂ ਨਿਕਲਣ ਤੋਂ ਪਰਹੇਜ ਕਰਦੇ ਸੀ। ਇਸ ਕਾਰਨ ਇਨ੍ਹਾਂ ਕਾਰੋਬਾਰੀਆਂ ਨੂੰ ਹਰ ਜਗ੍ਹਾਂ ਤੋਂ ਚੁੱਕ ਦਿੱਤਾ ਜਾਂਦਾ ਹੈ। ਇਸ ਕਰਕੇ ਇਨ੍ਹਾਂ ਨੂੰ ਕਾਰੋਬਾਰ ਕਰਨ ਵਿੱਚ ਬਹੁਤ ਸਮੱਸਿਆਵਾਂ ਪੇਸ਼ ਆਉਂਦਿਆਂ ਹਨ, ਪਰ ਹੁਣ ਇਸ ਮੱਛੀ ਮੰਡੀ ਦੇ ਬਣਨ ਨਾਲ ਇਨ੍ਹਾਂ ਸਾਰੀਆਂ ਦਾ ਕਾਰੋਬਾਰ ਕਰਨਾ ਆਸਾਨ ਹੋ ਗਿਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਵੀ ਮੱਛੀ ਦੀ ਖਰੀਦ ਕਰਨ ਲਈ ਸਾਫ-ਸਫਾਈ ਭਰਪੂਰ ਇੱਕ ਪੱਕਾ ਠਿਕਾਣਾ ਮਿਲ ਗਿਆ ਹੈ। ਇਸ ਨਾਲ ਹੁਣ ਇਨ੍ਹਾਂ ਦੇ ਕਾਰੋਬਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਨਾਲ ਹੀ ਮੰਡੀ ਬੋਰਡ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਸ. ਬਰਸਟ ਨੇ ਦੱਸਿਆ ਕਿ ਇਸ ਮੰਡੀ ਦੀ ਕੁੱਲ ਵਿਕਾਸ ਲਾਗਤ 4.12 ਕਰੋੜ ਰੁਪਏ ਵਿੱਚੋਂ 2.12 ਕਰੋੜ ਰੁਪਏ ਪੰਜਾਬ ਮੰਡੀ ਬੋਰਡ ਅਤੇ 2 ਕਰੋੜ ਰੁਪਏ ਮੱਛੀ ਪਾਲਣ ਵਿਭਾਗ ਵੱਲੋਂ ਖਰਚ ਕੀਤੇ ਗਏ ਹਨ। ਇਹ ਮੰਡੀ 5 ਏਕੜ ਜਮੀਨ ਤੇ ਬਣੀ ਹੈ, ਜਿਸ ਵਿੱਚੋਂ 1 ਏਕੜ ਤੇ ਵਿਕਸਿਤ ਇਲਾਕੇ ਵਿੱਚ ਮਾਰਕੀਟ ਬਣਾਈ ਗਈ ਹੈ। ਇਸ ਮੰਡੀ ਵਿੱਚ ਕੁੱਲ 20 ਦੁਕਾਨਾਂ ਹਨ, ਜਿਨ੍ਹਾਂ ਵਿੱਚੋਂ 10 ਦੁਕਾਨਾਂ ਸੁਰੂ ਕੀਤੀਆਂ ਜਾ ਰਹੀਆਂ ਹਨ, ਜਦਕਿ ਬਾਕੀ 10 ਦੀ ਨਿਲਾਮੀ ਬਾਕੀ ਹੈ। ਇੱਥੇ ਓਵਰਹੈਡ ਵਾਟਰ ਟੈਂਕ, ਸੀਵਰੇਜ ਟ੍ਰੀਟਮੈਂਟ ਪਲਾਂਟ, ਟੌਇਲਟ ਬਲਾਕ, ਦਫ਼ਤਰ ਬਲਾਕ, ਪਾਰਕਿੰਗ, ਸੜਕਾਂ ਦੀ ਸਹੂਲਤ ਉਪਲਬਧ ਕਰਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਬਚੀ 4 ਏਕੜ ਜ਼ਮੀਨ ਵਿੱਚ ਰੀਟੇਲ ਫਿਸ਼ ਮਾਰਕੀਟ ਨੂੰ ਵਿਕਸਿਤ ਕਰਨ ਦੀ ਯੋਜਨਾ ਹੈ, ਜਿਸ ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੱਛੀ ਮੰਡੀ ਦੇ ਵਿਕਾਸ ਨਾਲ ਮੱਛੀ ਪਾਲਣ ਉਦਯੋਗ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸਥਾਨਕ ਮੱਛੀ ਵਿਕਰੇਤਾਵਾਂ ਲਈ ਆਮਦਨ ਦੇ ਨਵੇਂ ਮੌਕੇ ਪੈਦਾ ਹੋਣਗੇ।