ਚੰਡੀਗੜ੍ਹ, 26 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ-ਚੰਡੀਗੜ੍ਹ ਵਿੱਚ ਨਵੰਬਰ ਦਾ ਮਹੀਨਾ ਸੁੱਕਾ ਰਿਹਾ। ਇਸ ਮਹੀਨੇ 99 ਫੀਸਦੀ ਘੱਟ ਬਾਰਿਸ਼ ਹੋਈ। ਜਿਸ ਕਾਰਨ ਇਸ ਨਵੰਬਰ ਮਹੀਨੇ ਠੰਡ ਵੀ ਘੱਟ ਰਹੀ ਹੈ। ਬੀਤੇ ਦਿਨ ਪੰਜਾਬ ਦੇ ਤਾਪਮਾਨ ਵਿੱਚ 1.2 ਡਿਗਰੀ ਅਤੇ ਚੰਡੀਗੜ੍ਹ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਨਾਲੋਂ 2.6 ਡਿਗਰੀ ਘੱਟ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਧੁੰਦ ਦਾ ਅਲਰਟ ਨਹੀਂ ਹੈ ਪਰ ਬੁੱਧਵਾਰ ਤੋਂ ਇਲਾਕੇ ‘ਚ ਧੁੰਦ ਦਾ ਅਸਰ ਮੁੜ ਦੇਖਣ ਨੂੰ ਮਿਲੇਗਾ।ਮੌਸਮ ਕੇਂਦਰ ਅਨੁਸਾਰ ਪੰਜਾਬ-ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਆਮ ਨਾਲੋਂ ਬਹੁਤ ਘੱਟ ਹੋਈ ਹੈ। ਇਹੀ ਕਾਰਨ ਹੈ ਕਿ ਉੱਤਰੀ ਭਾਰਤ ਵਿੱਚ ਤਾਪਮਾਨ ਆਮ ਨਾਲੋਂ ਘੱਟ ਹੈ।
ਅਗਲੇ ਇੱਕ ਹਫ਼ਤੇ ਤੱਕ ਕਿਸੇ ਵੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ ਵਿੱਚ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ ‘ਚ ਤਾਪਮਾਨ ‘ਚ ਮਾਮੂਲੀ ਗਿਰਾਵਟ ਆਵੇਗੀ ਪਰ ਮਾਹੌਲ ਖੁਸ਼ਕ ਰਹੇਗਾ।